ਸਰਦੂਲਗੜ੍ਹ-15 ਦਸੰਬਰ (ਜ਼ੈਲਦਾਰ ਟੀ.ਵੀ.) ਸਿਵਲ ਸਰਜਨ ਮਾਨਸਾ ਡਾ.ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ’ਚ ਸਿਹਤ ਬਲਾਕ ਖਿਆਲਾ ਕਲਾਂ ਦੀ ਟੀਮ ਵਲੋਂ ਆਗਣਵਾੜੀ ਕੇਂਦਰਾਂ ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਡਾਕਟਰੀ ਜਾਂਚ ਕੀਤੀ ਗਈ।ਜਿੱਥੇ ਜਮਾਂਦਰੂ ਦਿਲ ਦੀ ਬਿਮਾਰੀ (ਦਿਲ ਵਿਚ ਸੁਰਾਖ਼) ਤੋਂ ਪੀੜਤ 48 ਬੱਚਿਆਂ ਦੀ ਪਹਿਚਾਣ ਕੀਤੀ ਗਈ।ਇਸ ਸਬੰਧੀ ਰਾਸ਼ਟਰੀ ਬਾਲ ਸਵਸਥ ਟੀਮ ਦੇ ਡਾ.ਅਮਰਿੰਦਰ ਸ਼ਾਰਦਾ ਨੇ ਦੱਸਿਆ ਕਿ ਵੱਖ-ਵੱਖ ਅਦਾਰਿਆਂ’ਚ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਪੜ੍ਹਦੇ ਬੱਚਿਆਂ ਦੀ ਸਿਹਤ ਦਾ ਮੋਬਾਇਲ ਡਾਕਟਰੀ ਟੀਮਾਂ ਦੁਆਰਾ ਸਾਲ ਵਿਚ 2 ਵਾਰ ਨਿਰੀਖਣ ਕੀਤਾ ਜਾਂਦਾ ਹੈ।ਵਧੇਰੇ ਇਲਾਜ ਲਈ ਅੱਗੇ ਭੇਜੇ ਜਾਂਦੇ ਬੱਚਿਆਂ ਦੀਆਂ 30 ਜਮਾਂਦਰੂ ਬਿਮਾਰੀਆਂ ਦਾ ਇਲਾਜ ਸੂਚੀਬਧ ਕੀਤੇ ਗਏ ਹਸਪਤਾਲ ਪੀ.ਜੀ.ਆਈ.ਚੰਡੀਗੜ੍ਹ,ਫੋਰਟਸ ਤੇ ਮੈਕਸ ਸੁਪਰ ਸਪੈਸਲਿਟੀ ਹਸਪਤਾਲ ਮੁਹਾਲੀ,ਡੀ.ਐਮ.ਸੀ. ਤੇ ਸੀ.ਐਮ.ਸੀ. ਲੁਧਿਆਣਾ’ਚ ਮੁਫ਼ਤ ਕੀਤਾ ਜਾਂਦਾ ਹੈ।ਇਸੇ ਪ੍ਰੋਗਰਾਮ ਤਹਿਤ ਕਮਿਊਨਿਟੀ ਸਿਹਤ ਅਫ਼ਸਰ ਮਨਦੀਪ ਕੌਰ ਨੇ ਤਾਮਕੋਟ ਵਿਖੇ ਅਤੇ ਸਿਹਤ ਸੁਪਰਵਾਈਜ਼ਰ ਕਰਮਜੀਤ ਕੌਰ ਨੇ ਫਫੜੇ ਭਾਈਕੇ ਦੇ ਘਰਾਂ’ਚ ਜਾ ਕੇ ਲੋਕਾਂ ਨੂੰ ਉਪਰੋਕਤ ਬਿਮਾਰੀਆਂ ਤੋਂ ਪੀੜਤ ਬੱਚਿਆਂ ਦਾ ਇਲਾਜ ਸਰਕਾਰੀ ਤੌਰ ਤੇ ਕਰਾਉਣ ਲਈ ਜਾਗਰੂਕ ਕੀਤਾ।ਬਲਾਕ ਐਜੂਕੇਟਰ ਕੇਵਲ ਸਿੰਘ ਆਦਮਕੇ ਨੇ ਦੱਸਿਆ ਕਿ ਸਿਵਲ ਹਸਪਤਾਲ ਖਿਆਲਾ ਦੇ ਸਾਰੇ ਪਿੰਡਾਂ’ਚੋਂ ਪਹਿਚਾਣ ਕਰਕੇ ਜਮਾਂਦਰੂ ਬਿਮਾਰੀਆਂ ਤੋਂ ਪੀੜਤ ਬੱਚਿਆਂ ਦਾ ਇਲਾਜ ਕਰਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ।ਇਸ ਮੌਕੇ ਸਿਹਤ ਮੁਲਾਜ਼ਮ ਗੁਰਵਿੰਦਰ ਕੌਰ,ਨਵਨੀਤ ਕੌਰ,ਸੁਮਨ ਰਾਣੀ ਹਾਜ਼ਰ ਸਨ।