ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਸਬੰਧੀ ਕੀਤੀ ਗੱਲਬਾਤ
ਸਰਦੂਲਗੜ੍ਹ-21 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਵਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਮੁਫ਼ਤ ਇਲਾਜ ਕਰਵਾਉਣ ਵਾਲੇ ਬੱਚੇ ਤੇ ਉਨ੍ਹਾਂ ਦੇ ਮਾਪੇ ਸ਼ਾਮਲ ਹੋਏ। ਡਾ. ਰਾਏ ਨੇ ਦੱਸਿਆ ਕਿ ਸਕੂਲਾਂ ਤੋਂ ਆਂਗਣਵਾੜੀ ਕੇਂਦਰਾਂ ‘ਚ ਪੜ੍ਹਦੇ ਬੱਚਿਆਂ ਦਾ ਸਿਹਤ ਵਿਭਾਗ ਦੀਆਂ ਗਠਿਤ ਟੀਮਾਂ ਵਲੋਂ ਨਿਰੀਖਣ ਕੀਤਾ ਜਾਂਦਾ ਹੈ। ਬਿਮਾਰੀ ਤੋਂ ਪੀੜਤ ਬੱਚਿਆਂ ਦਾ ਉਪਰੋਕਤ ਸਕੀਮ ਤਹਿਤ ਮੁਫ਼ਤ ਅਪਰੇਸ਼ਨ ਤੇ ਹੋਰ ਇਲਾਜ ਸਰਕਾਰ ਦੁਆਰਾ ਸੂਚੀਬੱਧ ਹਸਪਤਾਲਾਂ ‘ਚੋਂ ਕਰਵਾਇਆ ਜਾਂਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਨੇ ਦੱਸਿਆ ਕਿ 18 ਸਾਲ ਉਮਰ ਤੱਕ ਦੇ ਬੱਚੇ ਮੁਫ਼ਤ ਇਲਾਜ ਕਰਵਾਉਣ ਦੀ ਸਕੀਮ ਦੇ ਦਾਇਰੇ ਵਿਚ ਆਉਂਦੇ ਹਨ। ਬਲਾਕ ਨੋਡਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਸਕਰੀਨਿੰਗ ਟੀਮਾਂ ਵਲੋਂ 92 ਕੇਸਾਂ ਦੀ ਭਾਲ ਕੀਤੀ ਗਈ ਹੈ, ਦੇ ਵਿੱਚੋਂ 51 ਬੱਚਿਆਂ ਦਾ ਇਲਾਜ ਹੋ ਚੁੱਕਾ ਹੈ। ਇਸ ਮੌਕੇ ਸਕੂਲੀ ਬੱਚਿਆਂ ਨੇ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ। ਬਲਾਕ ਐਜੂਕੇਟਰ ਤਿਰਲੋਕ ਸਿੰਘ, ਸਿਹਤ ਇੰਸਪੈਕਟਰ ਹੰਸਰਾਜ, ਜੀਵਨ ਸਿੰਘ ਸਹੋਤਾ ਹਾਜ਼ਰ ਸਨ।