ਸ਼੍ਰੋਮਣੀ ਅਕਾਲੀ ਦਲ ਹੀ ਲੜ ਸਕਦੈ ਪੰਜਾਬ ਦੇ ਹੱਕਾਂ ਦੀ ਲੜਾਈ – ਬੀਬਾ ਬਾਦਲ
ਸਰਦੂਲਗੜ੍ਹ-16 ਅਪ੍ਰੈਲ (ਜ਼ੈਲਦਾਰ ਟੀ.ਵੀ.) ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਥਾਨਕ ਸ਼ਹਿਨਾਈ ਪੈਲੇਸ ਵਿਖੇ ਸਰਦੂਲਗੜ੍ਹ ਸ਼ਹਿਰੀ ਵਿੰਗ ਦੇ ਵਰਕਰਾਂ ਨਾਲ ਇਕੱਤਰਤਾ ਕੀਤੀ।ਉਹ ਕਿਸੇ ਨਿੱਜੀ ਪ੍ਰੋਗਰਾਮ ਤਹਿਤ ਇੱਥੇ ਪਹੁੰਚੇ ਹੋਏ ਸਨ।ਹਾਜ਼ਰ ਵਰਕਰਾਂ ਨੇ ਆਪੋ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਸਾਬਕਾ ਮੰਤਰੀ ਨਾਲ ਸਾਂਝਾ ਕੀਤਾ।ਜਿਸ ਵਿਚ ਸਰਦੂਲਗੜ੍ਹ ਇਲਾਕੇ ਦੇ ਟੇਲਾਂ ਤੇ ਪੈਂਦੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਘਾਟ, ਘੱਗਰ ਦੇ ਦੂਸ਼ਿਤ ਪਾਣੀ ਦਾ ਮਸਲਾ, ਪੈਸਟੀਸਾਈਡ ਵਿਕ੍ਰੇਤਾਵਾਂ ਤੇ ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਦੀਆਂ ਸਮੱਸਿਆਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ।ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਵਰਕਰਾਂ ਦੇ ਮੁਖ਼ਾਤਿਬ ਹੁੰਦਿਆਂ ਪਾਰਟੀ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨ ਲਈ ਰਲ਼ ਮਿਲ਼ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ।
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਬੀਬਾ ਬਾਦਲ ਨੇ ਕਿਹਾ ਕਿ ਝੂਠੇ ਵਾਅਦਿਆਂ ਨਾਲ ਬਣੀਆਂ ਸਰਕਾਰਾਂ ਲੋਕਾਂ ਦਾ ਕੁਝ ਨਹੀਂ ਸੰਵਾਰ ਸਕਦੀਆਂ।2017 ਦੌਰਾਨ ਕਾਂਗਰਸ ਨੇ ਚਾਰ ਦਿਨਾਂ ‘ਚ ਨਸ਼ਾ ਬੰਦ ਕਰਨ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਮਗਰ ਲਾਇਆ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨੇ ਭੋਲ਼ੀ ਭਾਲ਼ੀ ਜਨਤਾ ਨੂੰ ਮੂਰਖ ਬਣਾ ਕੇ ਜਿੱਤੀਆਂ।
ਸੂਬੇ ਦੇ ਪਿਛਲੇ ਦਿਨਾਂ ਦੇ ਘਟਨਾ ਕ੍ਰਮ ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਸੂਰਵਾਰਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ ਪਰ ਉਸ ਦੀ ਆੜ ਵਿਚ ਦਹਿਸ਼ਤ ਦਾ ਮਾਹੌਲ ਬਣਾ ਕੇ ਆਮ ਨੌਜਵਾਨਾਂ ਤੇ ਨੈਸ਼ਨਲ ਸਕਿਊਰਿਟੀ ਐਕਟ ਲਗਾਏ ਜਾਣਾ ਮੰਦਭਾਗਾਂ ਹੈ।ਰਾਜ ਅੰਦਰ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ, ਦੇ ਕਾਰਨ ਜੇਲਾਂ ‘ਚ ਬੈਠੇ ਗੈਂਗਸਟਰ ਇੰਟਰਵਿਊ ਦੇ ਰਹੇ ਹਨ ਪਰ ਰੋਕਣ ਵਾਲਾ ਕੋਈ ਨਹੀਂ।
ਰਾਜ ਅੰਦਰ ਸਿਹਤ ਸਹੂਲਤਾਂ ਦਾ ਮੰਦਾ ਹਾਲ ਹੈ, ਸਿੱਖਿਆ ਦਾ ਪੱਧਰ ਨੀਂਵਾ ਜਾ ਰਿਹਾ ਹੈ।ਬੇਰੁਜ਼ਗਾਰੀ ਦੇ ਆਲਮ ‘ਚ ਘਿਰੇ ਨੌਜਾਵਨਾਂ ਦਾ ਰੁਖ਼ ਵਿਦੇਸ਼ਾਂ ਵੱਲ ਹੈ।ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕੋਈ ਇੰਡਸਟਰੀ ਪੰਜਾਬ ਵੱਲ ਮੂੰਹ ਨਹੀਂ ਕਰ ਰਹੀ।ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਜਾਂ ਆਮ ਆਦਮੀ ਪਾਰਟੀ ‘ਚੋਂ ਲੋਕਾਂ ਦੇ ਭਲੇ ਦੀ ਗੱਲ ਕੋਈ ਨਹੀਂ ਕਰਦਾ।ਪੰਜਾਬ ਦੇ ਹੱਕਾਂ ਲਈ ਲੜਾਈ ਸਿਰਫ ਸ਼ਰੋਮਣੀ ਅਕਾਲੀ ਦਲ ਹੀ ਲੜ ਸਕਦਾ ਹੈ।
ਇਸ ਮੌਕੇ ਐੱਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਰਾਏਪੁਰ, ਜਤਿੰਦਰ ਸਿੰਘ ਸੋਢੀ, ਅਜੈ ਕੁਮਾਰ ਨੀਟਾ, ਹੇਮੰਤ ਹਨੀ, ਗੁਰਿੰਦਰ ਸਿੰਘ ਮਾਨ ਫੂਸਮੰਡੀ, ਤਰਸੇਮ ਚੰਦ ਭੋਲੀ, ਕੈਪਟਨ ਤੇਜਾ ਸਿੰਘ, ਪ੍ਰੇਮ ਚੌਹਾਨ, ਜਤਿੰਦਰ ਜੈਨ ਬੌਬੀ, ਸ਼ਰਨਜੀਤ ਸਿੰਘ ਮਾਨਖੇੜਾ, ਮੇਵਾ ਸਿੰਘ ਬਰਨ, ਮੇਵਾ ਸਿੰਘ ਜਗਤਗੜ੍ਹ ਬਾਂਦਰਾਂ, ਕੈਪਟਨ ਗੁਲਜ਼ਾਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਜਸਵੀਰ ਸਿੰਘ ਮੀਰਪੁਰ ਹਾਜ਼ਰ ਸਨ।