ਸਰਦੂਲਗੜ੍ਹ ਸਿਹਤ ਵਿਭਾਗ ਨੇ ਪਿੰਡ ਕਰੰਡੀ ਵਿਖੇ ਮਨਾਇਆ ਡੇਂਗੂ ਜਾਗਰੂਕਤਾ ਦਿਵਸ
ਸਰਦੂਲਗੜ੍ਹ-17 ਮਈ (ਪ੍ਰਕਾਸ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗੁਵਾਈ ‘ਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੰਡੀ ਵਿਖੇ ਸਰਦੂਲਗੜ੍ਹ ਬਲਾਕ ਦਾ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ। ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ, ਜੋ ਕਿ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਤੇਜ਼ ਦਰਦ, ਉਲਟੀਆਂ, ਜੀਅ ਘਬਰਾਉਣਾ, ਮਾਸਪੇਸ਼ੀਆਂ ਵਿਚ ਦਰਦ ਡੇਂਗੂ ਦੇ ਮੁੱਖ ਲੱਛਣ ਹਨ। ਜ਼ਿਲ੍ਹਾ ਪੱਧਰ ਤੇ ਸਰਕਾਰੀ ਹਸਪਤਾਲਾਂ ‘ਚ ਇਸ ਦਾ ਟੈਸਟ ਕੀਤਾ ਜਾਂਦਾ ਹੈ। ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਦੱਸਿਆ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ। ਇਹ ਬਹੁਤ ਉੱਚਾਈ ਤੱਕ ਨਹੀਂ ਉੱਡ ਸਕਦਾ। ਇਹ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਪਾਣੀ ਵਰਤੋਂ ਵਾਲੀਆਂ ਚੀਜ਼ਾਂ ਤੇ ਥਾਵਾਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਇਸ ਮੌਕੇ ਕਮਿਊਨਿਟੀ ਹੈਲਥ ਅਫ਼ਸਰ ਜਸਪਾਲ ਸਿੰਘ, ਦਰਸ਼ਨਾਂ ਦੇਵੀ, ਜੀਵਨ ਸਿੰਘ, ਪਰਮਜੀਤ ਕੌਰ, ਕੁਲਦੀਪ ਕੌਰ, ਤਰਨਜੀਤ ਕੌਰ, ਰੁਪਿੰਦਰ ਸਿੰਘ ਮਾਨ, ਜਗਮੀਤ ਸਿੰਘ, ਰਜਿੰਦਰ ਕੁਮਾਰ, ਗੁਰਸੇਵਕ ਸਿੰਘ, ਰਜਿੰਦਰ ਸਿੰਘ, ਕੈਂਪਸ ਇੰਚਾਰਜ ਕੈਪਟਨ ਚੰਦਰ ਸ਼ੇਖਰ ਹਾਜ਼ਰ ਸਨ।