ਸਰਦੂਲਗੜ੍ਹ ਵਿਖੇ ਅੰਗਹੀਣਾਂ ਨੇ ਕਾਲੀਆਂ ਪੱਟੀਆਂ ਲਗਾ ਕੇ ਰੋਸ ਮੁਜ਼ਾਹਰਾ ਕੀਤਾ
ਸਰਦੂਲਗੜ੍ਹ-13 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਇਕਾਈ ਸਰਦੂਲਗੜ੍ਹ ਵਲੋਂ ਸਥਾਨਕ ਸ਼ਹਿਰ ਵਿਖੇ ਦੀਵਾਲੀ ਮੌਕੇ ਮੱਥੇ ਤੇ ਪੱਟੀਆ ਲਗਾ ਕੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਭੇਜਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਤਖ਼ਤੀਆਂ ਲੈ ਕੇ ਪੂਰੇ ਸ਼ਹਿਰ ਦਾ ਚੱਕਰ ਵੀ ਲਗਾਇਆ। ਇਸ ਤੋਂ ਪਹਿਲਾਂ ਸ਼ਹਿਰ ਦੀ ਸ਼ਹੀਦ ਊਧਮ ਸਿੰਘ ਧਰਮਸ਼ਾਲਾ ‘ਚ ਇਕੱਤਰ ਅੰਗਹੀਣਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਅੰਗਹੀਣ ਸੜਕਾਂ ਤੇ ਰੁਲ਼ ਰਹੇ ਹਨ। ਸੱਤਾ ‘ਚ ਆਉਣ ਦੇ 19 ਮਹੀਨੇ ਬਾਅਦ ਮਾਨ ਸਰਕਾਰ ਨੇ ਅੰਗਹੀਣ ਵਰਗ ਦੇ ਹਿਤ ਵਿਚ ਇਕ ਵੀ ਫੈਸਲਾ ਨਹੀਂ ਲਿਆ। ਸਰਵੇ ਕਰਵਾਉਣ ਦੇ ਬਹਾਨੇ ਸਰਕਾਰ ਅੰਗਹੀਣਾਂ ਦੇ ਹੱਕ ਮਾਰਨ ਦੀ ਤਿਆਰੀ ਕਰ ਰਹੀ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅੰਗਹੀਣ ਜਥੇਬੰਦੀ ਵਲੋਂ ਆਉਣ ਵਾਲੇ ਦਿਨਾਂ ‘ਚ ਆਪਣੀਆਂ ਮੰਗਾਂ ਦੇ ਹੱਕ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਅਸੀਮ ਗੋਇਲ, ਨਿੱਕਾ ਦਾਸ, ਸ਼ਹਿਰੀ ਪ੍ਰਧਾਨ ਗੁਰਦੀਪ ਸਿੰਘ ਦੀਪਾ, ਉਪ ਪ੍ਰਧਾਨ ਜਸਮੇਰ ਸਿੰਘ ਭੱਟੀ, ਸਕੱਤਰ ਬਲਵਿੰਦਰ ਸਿੰਘ, ਸੁਰੇਸ਼ ਕੁਮਾਰ, ਪ੍ਰੈੱਸ ਸਕੱਤਰ ਵੀਰਪਾਲ ਕੌਰ ਮੀਰਪੁਰ, ਜਸਵੀਰ ਕੌਰ, ਮਨੋਜ ਚੋਪੜਾ, ਹੇਮਰਾਜ, ਕਿਰਪਾਲ ਕੌਰ, ਮਨਜੀਤ ਕੌਰ, ਰਾਮ ਸਰੂਪ, ਪਰਮਜੀਤ ਕੌਰ, ਤੇਜ ਕੌਰ, ਮਾਇਆ ਕੌਰ, ਰਾਣੀ ਕੌਰ, ਕਲਾਵਤੀ ਕੌਰ, ਭਜਨਾ ਸਿੰਘ ਮੀਰਪੁਰ, ਗੁਰਦੀਪ ਸਿੰਘ ਝੰਡਾ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਹਾਜ਼ਰ ਸਨ।