(ਮਾਮਲਾ ਯੂਨੀਵਰਸਿਟੀ ਦੀ ਗਰਾਂਟ ਘਟਾਉਣ ਦਾ)
ਸਰਦੂਲਗੜ੍ਹ-13 ਮਾਰਚ(ਜ਼ੈਲਦਾਰ ਟੀ.ਵੀ.)ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਸਰਦੂਲਗੜ੍ਹ ਦੇ ਅਧਿਆਪਕਾਂ ਤੇ ਕਰਮਚਾਰੀਆਂ ਨੇ ਬੀਤੇ ਦਿਨੀਂ ਪੰਜਾਬ ਸਰਕਾਰ ਦੁਆਰਾ ਬਜਟ ਸੈਸ਼ਨ’ਚ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਘਟਾਉਣ ਨੂੰ ਲੈ ਕੇ ਰੋਸ ਮੁਜਾਹਰਾ ਕੀਤਾ।ਪ੍ਰੋ.ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ 200 ਤੋਂ ਘਟਾ ਕੇ 164 ਕਰੋੜ ਰੁਪਏ ਕਰ ਦਿੱਤੀ ਹੈ।ਜਦੋਂ ਕਿ ਯੂਨੀਵਰਸਿਟੀ ਪਿਛਲੇ ਕਈ ਸਾਲਾਂ ਤੋਂ ਗਰਾਂਟ ਵਧਾਉਣ ਦੀ ਮੰਗ ਕਰ ਰਹੀ ਹੈ।ਗਰਾਂਟ ਘਟਣ ਨਾਲ ਯੂਨੀਵਰਸਿਟੀ ਦੀ ਵਿੱਤੀ ਹਾਲਤ ਹੋਰ ਵੀ ਨਿੱਘਰ ਜਾਵੇਗੀ।ਉਨ੍ਹਾਂ ਕਿਹਾ ਉਚੇਰੀ ਸਿੱਖਿਆ ਨੂੰ ਸੁਧਾਰਨ ਥਾਂ ਸਰਕਾਰ ਹੋਰ ਨਿਘਾਰ ਵੱਲ ਲਿਜਾ ਰਹੀ ਹੈ।ਯੂਨੀਵਰਸਿਟੀ ਦੇ ਮੁਲਾਜਮਾਂ ਦੀਆਂ ਪਿਛਲੇ ਤਿੰਨ ਮਹੀਨੇ ਦੀਆਂ ਤਨਖਾਹਾਂ ਅਜੇ ਬਕਾਇਆ ਹਨ, ਜੋ ਪੈਸੇ ਦੀ ਘਾਟ ਕਾਰਨ ਜਾਰੀ ਨਹੀਂ ਕੀਤੀਆਂ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਤੀ ਸੰਕਟ ਕਾਰਨ ਮਾਲਵਾ ਖੇਤਰ ਦੇ ਗਰੀਬ, ਪੱਛੜੇ ਵਰਗ ਤੇ ਮੱਧਵਰਗੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਵੇਗਾ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਨੂੰ ਘੱਟੋ-ਘੱਟ 400 ਕਰੋੜ ਰੁਪਏ ਦੀ ਸਾਲਾਨਾ ਗਰਾਂਟ ਜਾਰੀ ਕੀਤੀ ਜਾਵੇ ਤੇ ਨਾਲ ਹੀ ਉੱਚ ਵਿਦਿਅਕ ਸੰਸਥਾ ਸਿਰ ਚੜ੍ਹਿਆ 150 ਕਰੋੜ ਦਾ ਕਰਜ਼ ਉਤਾਰਨ ਦੀ ਜ਼ਿੰਮੇਵਾਰੀ ਸਰਕਾਰ ਆਪਣੇ ਸਿਰ ਲਵੇ ਤਾਂ ਜੋ ਇਸ ਇਤਿਹਾਸਕ ਅਦਾਰੇ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ।ਪ੍ਰੋ.ਪਰਵੀਨ ਕੁਮਾਰ, ਸਤੀਸ਼ ਕੁਮਾਰ, ਨਰਿੰਦਰ ਕੁਮਾਰ, ਗੁਰਸੇਵਕ ਸਿੰਘ, ਰਛਪਾਲ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਤੇ ਕਰਮਚਾਰੀ ਇਸ ਮੌਕੇ ਹਾਜ਼ਰ ਸਨ।