ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸਭ ਦਾ ਮਨ ਮੋਹਿਆ
ਸਰਦੂਲਗੜ੍ਹ-29 ਮਾਰਚ(ਜ਼ੈਲਦਾਰ ਟੀ.ਵੀ.)ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ “ਗਰੈਜੂਏਸ਼ਨ ਸੈਰੇਮਨੀ” ਤਹਿਤ ਪ੍ਰੋਗਰਾਮ ਕਰਵਾਏ ਗਏ।ਪ੍ਰੀ ਪ੍ਰਾਇਮਰੀ ਪਾਸ ਕਰਕੇ ਪਹਿਲੀ ਜਮਾਤ‘ਚ ਜਾਣ ਵਾਲੇ ਨੰਨ੍ਹੇ ਵਿਦਿਆਰਥੀਆਂ ਦਾ ਅੱਜ ਵੱਖ-ਵੱਖ ਸਕੂਲਾਂ ਚ ਨਿੱਘਾ ਸਵਾਗਤ ਕੀਤਾ ਗਿਆ।ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਮਾਪਿਆਂ ਤੋਂ ਭਰਵੀਂ ਦਾਦ ਖੱਟੀ।ਇਸ ਦੌਰਾਨ ਸਕੂਲ ਮੈਗਜ਼ੀਨ ਰਿਲੀਜ਼ ਕਰਨ ਤੋਂ ਇਲਾਵਾ ਸਿੱਖਿਆ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਗੁਰਲਾਭ ਸਿੰਘ ਡਿਪਟੀ ਡੀ.ਈ.ਓ. ਐਲੀਮੈਂਟਰੀ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪੈਣ ਲੱਗਿਆ ਹੈ।ਪੜ੍ਹਾਈ ਦੇ ਬਿਹਤਰ ਮਿਆਰ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵੱਲ ਮੋੜਿਆ ਹੈ।ਪੰਜਾਬ ਸਰਕਾਰ ਦੀ ਪਹਿਲ ਕਦਮੀਂ ਨੇ ਇੰਨ੍ਹਾਂ ਸਕੂਲਾਂ‘ਚ ਵੱਡੇ ਬਦਲਾਅ ਦੀ ਆਸ ਜਗਾਈ ਹੈ।
ਸਿੱਖਿਆ ਅਧਿਕਾਰੀ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਅਧਿਆਪਕਾਂ, ਪੰਚਾਇਤਾਂ, ਸਕੂਲ ਮੈਨੇਜ਼ਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।ਮਾਨਸਾ ਜ਼ਿਲ੍ਹੇ ਦੇ ਸਕੂਲਾਂ ‘ਚ ਮਾਪਿਆਂ ਨੇ ਵੱਡੇ ਭਰੋਸੇ ਤੇ ਉਤਸ਼ਾਹ ਨਾਲ ਬੱਚੇ ਦਾਖਲ ਕਰਵਾਏ ਹਨ।ਇਸ ਪ੍ਰਾਪਤੀ ਨਾਲ ਅਧਿਆਪਕਾਂ ਦਾ ਵੀ ਹੌਂਸਲਾ ਵਧਿਆ ਹੈ।ਜਿਸ ਕਰਕੇ ਉਹ ਵਧੇਰੇ ਜ਼ਿੰਮੇਵਾਰੀ ਤੇ ਗੰਭੀਰਤਾ ਨਾਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਯਤਨ ਕਰਨਗੇ।
ਸਕੂਲਾਂ ਵਿੱਚ ਪੜ੍ਹਾਈ ਦੀ ਗੁਣਵੱਤਾ ਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਯਤਨਾਂ ਨੂੰ ਉਜਾਗਰ ਕਰਦੀਆਂ ਪ੍ਰਦਰਸ਼ਨੀਆਂ ਨੇ ਮਾਪਿਆਂ ਦਾ ਮਨ ਮੋਹ ਲਿਆ।ਸਮਾਗਮਾਂ ਦੌਰਾਨ ਅਧਿਆਪਕਾਂ ਨੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲਾਂ ਦੀਆਂ ਸਾਕਾਰਾਤਮਕ ਗਤੀਵਿਧੀਆਂ ਨੂੰ ਮਾਪਿਆਂ ਨਾਲ ਸਾਂਝਾ ਕੀਤਾ।ਪੇਸ਼ਕਾਰੀਆਂ ਸਮੇਂ ਪੰਜਾਬੀ ਦੇ ਨਾਲ ਅੰਗਰੇਜ਼ੀ ਭਾਸ਼ਾ ਤੇ ਵਿਦਿਆਰਥੀਆਂ ਦੀ ਪਕੜ ਨੇ ਦਰਸਾ ਦਿੱਤਾ ਕਿ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਪਬਲਿਕ ਸਕੂਲਾਂ ਤੋਂ ਵੀ ਅੱਗੇ ਹਨ।ਰੋੜਕੀ, ਝੰਡਾ ਖੁਰਦ, ਆਹਲੂਪੁਰ, ਲੋਹਗੜ੍ਹ, ਝੰਡਾ ਕਲਾਂ ਤੋਂ ਇਲਾਵਾ ਹੋਰਨਾਂ ਸਕੂਲਾਂ‘ਚ ਵੀ ਵਿਦਿਆਰਥੀਆਂ ਨੇ ਸਿੱਖਿਆ ਤੇ ਸੱਭਿਆਚਾਰ ਨਾਲ ਸਬੰਧਿਤ ਪ੍ਰੋਗਰਾਮਾਂ ਦੀ ਪੇਸ਼ਕਾਰੀ ਨਾਲ ਹਾਜ਼ਰੀਨ ਦਾ ਮਨ ਮੋਹ ਲਿਆ।
ਬੀ. ਐੱਮ. ਟੀ. ਅੰਗਰੇਜ ਸਿੰਘ ਨੇ ਦੱਸਿਆ ਕਿ ਮਾਪੇ ਹੁਣ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ, ਜਿੱਥੇ ਜੀਅ ਜਾਨ ਨਾਲ ਮਿਹਨਤ ਕਰਵਾਉਂਦੇ ਅਧਿਆਪਕ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ।