ਸਰਦੂਲਗੜ੍ਹ ਦੇ ਵਾਰਡ ਨੰਬਰ 4 ਦੀ ਗਲੀ’ਚ ਨਿੱਕਲਦਾ ਸੀਵਰੇਜ਼ ਦਾ ਪਾਣੀ ਲੋਕਾਂ ਲਈ ਬਣਿਆ ਵੱਡੀ ਸਮੱਸਿਆ
ਸਰਦੂਲਗੜ੍ਹ-22 ਦਸੰਬਰ (ਜ਼ੈਲਦਾਰ ਟੀ.ਵੀ.) ਸਥਾਨਕ ਸ਼ਹਿਰ ਵਾਰਡ ਨੰਬਰ 4 ਦੇ ਲੋਕ ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹਨ।ਵਾਰਡ ਵਾਸੀ ਜਗਮੋਹਣ ਸਿੰਘ,ਅਰਵਿੰਦਰ ਸਿੰਘ,ਲੈਂਬਰ ਸਿੰਘ,ਗੁਰਦੀਪ ਸਿੰਘ,ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਐਮ.ਸੀ. ਮਹਿੰਦਰ ਸਿੰਘ ਦੇ ਨਾਂਅ ਨਾਲ ਜਾਣੀ ਜਾਂਦੀ ਗਲੀ ਵਿਚ ਸੀਵਰੇਜ਼ ਦਾ ਪਾਣੀ ਪਿਛਲੇ 2 ਮਹੀਨਿਆਂ ਤੋਂ ਬਾਹਰ ਨਿੱਕਲ ਰਿਹਾ ਹੈ।ਜਿਸ ਕਾਰਨ ਗਲ਼ੀ’ਚੋਂ ਲੰਘਣਾ ਦੁੱਭਰ ਹੋ ਗਿਆ ਹੈ।ਬਾਹਰੋਂ ਕੰਮ-ਧੰਦੇ ਜਾ ਕੇ ਆਉਂਦੇ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਸੀਵਰੇਜ਼ ਦੇ ਗੰਦੇ ਪਾਣੀ ਤੋਂ ਬਚਣ ਵਾਸਤੇ ਭਾੜੇ ਤੇ ਆਟੋ ਰਿਕਸ਼ਾ ਕਰਵਾ ਕੇ ਲਿਜਾਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਮਾਮਲਾ ਸਬੰਧਿਤ ਮਹਿਕਮੇ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ।ਲੋਕਾਂ ਦੀ ਮੰਗ ਹੈ ਕਿ ਸੀਵਰੇਜ਼ ਦੇ ਪਾਣੀ ਦੀ ਇਸ ਸਮੱਸਿਆ ਤੋਂ ਉਨ੍ਹਾਂ ਨੂੰ ਜਲਦੀ ਨਿਜ਼ਾਤ ਦਿਵਾਈ ਜਾਵੇ।ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਬਿਪਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਪਰ ਇਸ ਦਾ ਹੱਲ ਸੀਵਰੇਜ਼ ਮਹਿਕਮਾ ਕਰੇਗਾ।