
ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ‘ਕਿਮ ਜੋਂਗ’ ਗੀਤ ਨਾਲ ਦਿਖਾਇਆ ਆਪਣੀ ਕਲਾ ਦਾ ਕਮਾਲ
ਸਰਦੂਲਗੜ੍ਹ-21 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਬੀਤੀ 19 ਸਤੰਬਰ 2023 ਨੂੰ ਰਿਲੀਜ਼ ਹੋਏ ਗੀਤ ‘ਕਿਮ ਜੋਂਗ’ ਨਾਲ ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ਆਪਣੀ ਕਲਾ ਦਾ ਬਾਖ਼ੂਬੀ ਕਮਾਲ ਦਿਖਾਇਆ ਹੈ। ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਜੱਗਾ ਘੈਂਟ ਦੇ ਘਰ ਸਥਾਨਕ ਸ਼ਹਿਰ ਦੇ ਸੰਧੂ ਪਰਿਵਾਰ ‘ਚ ਜਨਮਿਆ ਇਹ ਨੌਜਵਾਨ ਇਸ ਵਕਤ ਵਿਦੇਸ਼ੀ ਧਰਤੀ ਕੈਨੇਡਾ ਵਿਚ ਰਹਿ ਰਿਹਾ ਹੈ। ਅਸ਼ਲੀਲਤਾ ਤੋਂ ਕੋਹਾਂ ਦੂਰ ਇਸ ਗੀਤ ਨੂੰ ਯੁਰਿੰਦਰ ਨੇ ਖੁਦ ਲਿਖਿਆ ਤੇ ਗਾਇਆ ਹੈ। ਗੀਤ ਵਿਚ ਯਾਰੀ ‘ਚ ਗਦਾਰੀ ਕਰਨ ਵਾਲੇ ਬੰਦਿਆਂ ਨੂੰ ਮੂੰਹ ਨਾ ਲਾਉਣ ਦੀ ਕੀਤੀ ਗੱਲ ਗੀਤ ਦਾ ਸਭ ਤੋਂ ਦਮਦਾਰ ਪੱਖ ਹੈ। ਬਾਕਸਿੰਗ ਦੇ ਮਹਾਂਬਲੀ ਮਾਈਕ ਟਾਈਸਨ ਦੇ ਨਾਲ ਆਪਣੇ ਸਰੀਰਕ ਜੁੱਸੇ ਦੀ ਤੁਲਨਾ ਕਰਨਾ ਨੌਜਵਾਨਾਂ ਨੂੰ ਸਿਹਤ ਸੰਭਾਲਣ ਲਈ ਪ੍ਰੇਰਤ ਕਰਦਾ ਹੈ। ਗੀਤ ਵਿਚ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ, ਮਾਈਕ ਟਾਈਸਨ, ਪਿੰਡ ਢੁੱਡਾਲ ਦਾ ਨਾਂ ਸ਼ਬਦਾਂ ਦੀ ਲੜੀ ‘ਚ ਪਰੋਣਾ ਇਸ ਨਵੇਂ ਨਕੋਰ ਗਾਇਕ-ਗੀਤਕਾਰ ਦੇ ਬਾਹਰੀ ਗਿਆਨ ਦੀ ਪਕੜ ਤੇ ਪਰਪੱਕਤਾ ਨੂੰ ਬਿਆਨ ਕਰਦਾ ਹੈ। ਹਰ ਵਰਗ ਦੇ ਸ੍ਰੋਤਿਆਂ ਵਲੋਂ ਗੀਤ ‘ਕਿਮ ਜੋਂਗ’ ਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲੇ ਸਮੇਂ ਅੰਦਰ ਨੌਜਵਾਨ ਗਾਇਕ ਯੁਰੰਦਰ ਸੰਧੂ ਤੋਂ ਪੰਜਾਬੀ ਸੰਗੀਤ ਜਗਤ ਨੂੰ ਵੱਡੀਆਂ ਉਮੀਦਾਂ ਹਨ।