ਸਰਦੂਲਗੜ੍ਹ ਦੇ ਬੇਅੰਤ ਨਗਰ ਤੋਂ ਇੰਦਰਧਨੁਸ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ
ਸਰਦੂਲਗੜ੍ਹ-11 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਸੀਨੀਅਰ ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਅੱਜ ਮਿਸ਼ਨ ਇੰਦਰਧਨੁਸ਼ ਟੀਕਾਕਰਨ ਮੁਹਿੰਮ ਦੀ ਰਸਮੀ ਸ਼ੁਰੂਆਤ ਸ਼ਹਿਰ ਦੇ ਬੇਅੰਤ ਨਗਰ ਵਾਰਡ ਨੰ. 3 ਤੋਂ ਕੀਤੀ ਗਈ। ਇਕ ਸਰਵੇ ਮੁਤਾਬਿਕ ਟੀਕਾਕਰਨ ਤੋਂ ਵਾਂਝੇ ਰਹੇ 5 ਸਾਲ ਤੱਕ ਦੇ ਬੱਚੇ ਤੇ ਗਰਭਵਤੀ ਔਰਤਾਂ ਦਾ 11 ਸਤੰਬਰ ਤੋਂ 16 ਸਤੰਬਰ 2023 ਤੱਕ ਟੀਕਾਕਰਨ ਕੀਤਾ ਜਾਵੇਗਾ।
ਡਾ. ਰਵਨੀਤ ਕੌਰ ਨੇ ਦੱਸਿਆ ਕਿ ਬਲਾਕ ਸਰਦੂਲਗਡ਼੍ਹ ਅਧੀਨ 49 ਸੈਸ਼ਨ ਲਗਾਏ ਜਾਣਗੇ ਜਿੰਨ੍ਹਾਂ ਚੋਂ 8 ਸੈਸ਼ਨ ਹਾਈ ਰਿਸਕ ਏਰੀਆ ਵਿਚ ਲਗਾਏ ਜਾਣੇ ਹਨ। ਇਸ ਮੁਹਿੰਮ ਤਹਿਤ ਪਹੁੰਚ ਤੋਂ ਦੂਰ ਦੇ ਇਲਾਕਿਆਂ ਨੂੰ ਵੀ ਮੁਕੰਮਲ ਤੌਰ ਤੇ ਕਵਰ ਕੀਤਾ ਜਾਵੇਗਾ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਸਤੰਬਰ, ਅਕਤੂਬਰ, ਨਵੰਬਰ ਮਹੀਨੇ ਦੌਰਾਨ ਚਲਾਇਆ ਜਾਵੇਗਾ। ਪੰਜਾਬ ਸਰਕਾਰ ਦੀ ਸਿਹਤ ਨੀਤੀ ਮੁਤਾਬਿਕ ਜਿਸ ਦਾ ਮਕਸਦ ਦਸੰਬਰ 2023 ਤੱਕ ਪੰਜਾਬ ਨੂੰ ਖਸਰਾ ਮੁਕਤ ਬਣਾਉਣਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਇੰਚਾਰਜ ਵਿਰਸਾ ਸਿੰਘ ਭਿੰਡਰ, ਸੰਜੀਵ ਕੁਮਾਰ, ਸਿਹਤ ਸੁਪਰਵਾਈਜ਼ਰ ਨਿਰਮਲ ਸਿੰਘ ਕਣਕਵਾਲੀਆ, ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਰਵਿੰਦਰ ਸਿੰਘ ਰਵੀ, ਹਰਜੀਤ ਕੌਰ, ਵੀਰਪਾਲ ਕੌਰ, ਆਸ਼ਾ ਰਾਣੀ ਹਾਜ਼ਰ ਸਨ