ਮਾਮਲੇ ਦੀ ਹੋਵੇ ਵਿਭਾਗੀ ਜਾਂਚ-ਸੋਢੀ
ਸਰਦੂਲਗੜ੍ਹ-2 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪਿਛਲੇ ਸਮੇਂ ਦੌਰਾਨ ਸਰਦੂਲਗੜ੍ਹ ਸ਼ਹਿਰ ਕੀਤੀ ਗਈ ਨਵੀਂ ਵਾਰਡਬੰਦੀ ਸਵਾਲਾਂ ਦੇ ਘੇਰੇ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਬਜ਼ਰਬਰ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਸ਼ਹਿਰ ਦੀ ਕੁੱਲ ਅਬਾਦੀ 22187 ਹੈ, ਨੂੰ 15 ਵਾਰਡਾਂ ‘ਚ ਵੰਡ ਦਿੱਤਾ ਹੈ ਕਿ ਜਦੋਂ ਕਿ ਇਸ ਤੋਂ ਪਹਿਲਾਂ 13 ਵਾਰਡ ਸਨ।
ਨਵੀਂ ਵਾਰਡਬੰਦੀ ਮੁਤਾਬਿਕ ਆਬਾਦੀ ਤੇ ਵੋਟਾਂ ਦਾ ਆਪਸੀ ਅਨੁਪਾਤ ਤਸੱਲੀ ਬਖਸ਼ ਨਹੀਂ। ਕਈ ਵਾਰਡਾਂ ਦੀ ਵੋਟ, ਆਬਾਦੀ ਤੋਂ ਵੱਧ ਤੇ ਕੁਝ ਥਾਵਾਂ ਤੇ ਆਬਾਦੀ ਦੇ ਮੁਕਾਬਲੇ ਵੋਟਾਂ ਘੱਟ ਬਣੀਆਂ ਹਨ। ਕੁਝ ਵਾਰਡ ਅੱਧਾ ਕਿਲੋਮੀਟਰ ਦੇ ਦਾਇਰੇ ਵਿਚ ਸੀਮਤ ਹਨ ਕੁਝ ਦਾ ਘੇਰਾ 5 ਕਿਲੋਮੀਟਰ ਤੱਕ ਫੈਲਿਆ ਹੈ। ਜਿਸ ਸਬੰਧੀ ਉਨ੍ਹਾਂ ਵਲੋਂ ਇਤਰਾਜ਼ ਪੇਸ਼ ਕੀਤੇ ਗਏ ਪਰ ਸਬੰਧਿਤ ਅਧਿਕਾਰੀਆਂ ਨੇ ਉਸ ਵਕਤ ਕੋਈ ਗੌਰ ਨਹੀਂ ਕੀਤੀ, ਦਾ ਨਤੀਜ਼ਾ ਹੁਣ ਸਾਹਮਣੇ ਆਇਆ ਹੈ।
ਸ਼ਹਿਰ ਦੇ 13 ਨੰਬਰ ਵਾਰਡ ਦੀ ਆਬਾਦੀ 1382 ਹੈ ਤੇ ਵੋਟਾਂ 1550 ਹਨ। 14 ਨੰਬਰ ਵਾਰਡ ਦੀ ਆਬਾਦੀ 1431 ਹੈ ਤੇ ਵੋਟਾਂ 1681 ਬਣੀਆਂ ਹਨ। ਵਾਰਡ ਨੰਬਰ 9 ਦੀ ਆਬਾਦੀ 1485 ਤੇ ਵੋਟਾਂ 712, ਵਾਰਡ ਨੰਬਰ 5 ਦੀ ਅਬਾਦੀ 1514 ਤੇ ਵੋਟਾਂ 843, ਵਾਰਡ ਨੰਬਰ 12 ਦੀ ਆਬਾਦੀ 1595 ਤੇ ਵੋਟਾਂ 838 ਬਣੀਆਂ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਵੋਟਾਂ ਤੇ ਆਬਾਦੀ ਦਾ ਆਪਸੀ ਅਨੁਪਾਤ ਠੀਕ ਨਹੀਂ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਜਿਸ ਮਨਸ਼ਾ ਤਹਿਤ ਇਹ ਤਾਣਾ-ਬਾਣਾ ਬੁਣਿਆ ਗਿਆ ਹੈ, ਦੀ ਵਿਭਾਗੀ ਜਾਂਚ ਜ਼ਰੂਰ ਕਰਵਾਈ ਜਾਵੇ।