ਹਜ਼ਾਰਾਂ ਏਕੜ ਫਸਲ ਬਰਬਾਦ, ਘਰਾਂ ਵਿਚ ਭਰਿਆ ਪਾਣੀ
ਸਰਦੂਲਗੜ੍ਹ-19 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਕਈ ਦਿਨਾਂ ਤੋਂ ਘੱਗਰ ਦਰਿਆ ‘ਚ ਲਾਗਤਾਰ ਵਧਿਆ ਬੇਤਹਾਸ਼ਾ ਪਾਣੀ ਸਰਦੂਲਗੜ੍ਹ ਤੇ ਇਲਾਕੇ ਦੇ ਘੱਗਰ ਕੰਢੇ ਵਸੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ।
ਸਾਧੂਵਾਲਾ ਫੂਸਮੰਡੀ ਪਾਣੀ ‘ਚ ਘਿਰੇ – ਮਾਨਸਾ ਵਾਲੇ ਪਾਸੇ ਤੋਂ ਘੱਗਰ ਪਾਰਲੇ ਪਿੰਡ ਸਾਧੂਵਾਲਾ ਤੇ ਫੂਸਮੰਡੀ ਦਾ ਬੰਨ੍ਹ ਟੁੱਟ ਜਾਣ ਨਾਲ ਕਈ-ਕਈ ਫੁੱਟ ਪਾਣੀ ਘਰਾਂ ਤੇ ਖੇਤਾਂ ਵਿਚ ਭਰ ਗਿਆ।ਲੋਕਾਂ ਨੂੰ ਘਰਾਂ ਵਿੱਚੋਂ ਸਮਾਨ ਕੱਢਣਾ ਵੀ ਮੁਸ਼ਕਿਲ ਹੋ ਗਿਆ।ਉਪਰੋਕਤ ਦੋਵੇਂ ਪਿੰਡਾਂ ਦਾ ਸੜਕੀ ਰਾਬਤਾ ਆਂਢੀ ਗੁਆਂਢੀ ਪਿੰਡਾਂ ਨਾਲੋਂ ਪੂਰੀ ਤਰਾਂ ਟੁੱਟ ਚੁੱਕਾ ਹੈ।ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਹੈ।
ਸਰਦੂਲਗੜ੍ਹ ਦੀ ਸਥਿਤੀ ਨਾਜ਼ੁਕ – ਘੱਗਰ ਦੇ ਪਾਣੀ ਕਾਰਨ ਸਰਦੂਲਗੜ੍ਹ ਸ਼ਹਿਰ ਦੀ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ।ਸ਼ਹਿਰ ‘ਚੋਂ ਲੰਘਦੀ ਰਾਸ਼ਟਰੀ ਸੜਕ ਉੱਪਰ ਪਾਣੀ ਪਹੁੰਚ ਚੁੱਕਾ ਹੈ। ਖੈਰਾ ਰੋਡ, ਚਿਿਲੰਗ ਸੈਂਟਰ ਰੋਡ, ਅਨਾਜ਼ ਮੰਡੀ ਤੇ ਬਿਜਲੀ ਗਰਿੱਡ ਖਤਰੇ ਵਿਚ ਹਨ।ਪ੍ਰਸ਼ਾਸਨ ਤੇ ਲੋਕਾਂ ਵਲੋਂ ਬਚਾਓ ਕਾਰਜ ਲਗਾਤਾਰ ਜਾਰੀ ਹਨ।
ਰੋੜਕੀ ਤੇ ਝੰਡਾ ਖੁਰਦ ਦਾ ਹੋਇਆ ਨੁਕਸਾਨ – ਸਰਦੂਲਗੜ੍ਹ ਦੇ ਲਾਗਲੇ ਪਿੰਡ ਰੋੜਕੀ ਵਿਖੇ ਵੀ ਘੱਗਰ ਨੇ ਬੁਰੀ ਤਰਾਂ ਤਬਾਹੀ ਮਚਾਈ ਹੈ।ਖੇਤਾਂ ਵਿਚ ਪਾਣੀ ਜਮ੍ਹਾਂ ਹੋਣ ਨਾਲ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ। ਪਿੰਡ ਦੇ ਲੋਕ ਘਰ ਦਾ ਸਮਾਨ ਸੁੱਰਖਿਅਤ ਥਾਵਾਂ ਤੇ ਲੈ ਗਏ।ਇਸੇ ਤਰਾਂ ਝੰਡਾ ਖੁਰਦ ਪਿੰਡ ਦੇ ਕਾਫੀ ਏਕੜ ਰਕਬੇ ‘ਚ ਪਾਣੀ ਭਰ ਜਾਣ ਦੀਆਂ ਖਬਰਾਂ ਹਨ।
ਖਤਰੇ ਵਿਚ ਪਿੰਡ – ਹੀਰਕੇ, ਬਰਨ, ਭਗਵਾਨਪੁਰ ਹੀਂਗਣਾ, ਰਣਜੀਤਗੜ੍ਹ ਬਾਂਦਰਾਂ, ਮੀਰਪੁਰ ਕਲਾਂ, ਮੀਰਪੁਰ ਖੁਰਦ, ਸਰਦੂਲੇਵਾਲਾ, ਭੂੰਦੜ, ਕਾਹਨੇਵਾਲਾ ਪਿੰਡਾਂ ‘ਤੇ ਪਾਣੀ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਪਰ ਘੱਗਰ ਕੰਢੇ ‘ਤੇ ਪਾਇਆ ਇਲਾਕੇ ਦਾ ਸਭ ਤੋਂ ਵੱਡਾ ਬੰਨ੍ਹ ਅਜੇ ਤੱਕ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੇ ਕਾਇਮ ਰੱਖਿਆ ਹੈ। ਉਪਰੋਕਤ ਪਿੰਡਾਂ ਨੂੰ ਪ੍ਰਸ਼ਾਸਨ ਵਲੋਂ ਕੋਈ ਖਾਸ ਤਵੱਜੋ ਨਹੀਂ ਦਿੱਤੀ ਜਾ ਰਹੀ। ਜਿਊਣ ਮਰਨ ਦੀ ਲੜਾਈ ਲੋਕ ਆਪਣੇ ਦਮ ਤੇ ਲੜ ਰਹੇ ਹਨ।