ਸਰਦੂਲਗੜ੍ਹ ਇਲਾਕੇ’ਚ ਮੀਂਹ ਨਾਲ ਫਸਲਾਂ ਤੇ ਮਕਾਨਾਂ ਦਾ ਭਾਰੀ ਨੁਕਸਾਨ
(ਮੀਰਪੁਰ ਕਲਾਂ ਦੇ ਲੋਕਾਂ ਨੇ ਘਰਾਂ’ਚੋਂ ਸਾਮਾਨ ਕੱਢਿਆ ਬਾਹਰ)
(ਪੱਕਣ ਤੋਂ ਪਹਿਲਾਂ ਹੀ ਝੋਨੇ ਦੀ ਹੱਥੀਂ ਕਟਾਈ ਲਈ ਮਜ਼ਬੂਰ ਹੋਏ ਕਿਸਾਨ)
ਸਰਦੂਲਗੜ੍ਹ- 27 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪਿਛਲੇ ਦਿਨੀਂ ਹੋਈ ਅਣਕਿਆਸੀ ਬਰਸਾਤ ਨੇ ਸਰਦੂਲਗੜ੍ਹ ਇਲਾਕੇ ਦੇ ਕਈ ਪਿੰਡਾਂ’ਚ ਫਸਲਾਂ ਤੇ ਮਕਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ।ਮੀਂਹ ਦਾ ਪਾਣੀ ਘਰਾਂ ਵਿਚ ਦਾਖਲ ਹੋਣ ਦੇ ਕਾਰਨ ਮੀਰਪੁਰ ਕਲਾਂ ਦੇ ਅੱਧਾ ਦਰਜਨ ਤੋਂ ਵੱਧ ਮਕਾਨਾਂ ਦੇ ਨੁਕਸਾਨੇ ਜਾਣ ਤੋਂ ਇਲਾਵਾ ਅਤੇ ਵੱਡੀ ਪੱਧਰ ਤੇ ਨਰਮਾ ਅਤੇ ਝੋਨੇ ਦੀ ਫਸਲ ਬਰਬਾਦ ਹੋ ਜਾਣ ਦੀ ਖ਼ਬਰ ਹੈ।ਪਿੰਡ ਵਾਸੀ ਨਹਿਰੂ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਨਾਲ ਘਰ ਦੇ ਆਟੇ-ਕੋਟੇ ਸਮੇਤ ਖਾਣ-ਪੀਣ ਦੀਆਂ ਹੋਰ ਵਸਤਾਂ ਵੀ ਖਰਾਬ ਹੋ ਗਈਆਂ।ਵਰ੍ਹਦੇ ਮੀਂਹ ਦੌਰਾਨ ਬਾਲ ਬੱਚਿਆਂ ਸਮੇਤ ਉਨ੍ਹਾਂ ਨੂੰ ਰਾਤ ਖੱੁਲ੍ਹੇ ਅਸਮਾਨ ਹੇਠ ਕੱਟਣੀ ਪਈ।ਇਸੇ ਤਰਾਂ ਹਰਜੀਵਨ ਸਿੰਘ,ਨੈਬ ਸਿੰਘ,ਕਾਲਾ ਸਿੰਘ ਤੇ ਬੀਰਬਲ ਸਿੰਘ ਮੁਤਾਬਿਕ ਲਗਾਤਾਰ ਪਏ ਮੀਂਹ ਨੇ ਉੁਨ੍ਹਾਂ ਦੇ ਮਕਾਨਾਂ ਦੀ ਹਾਲਤ ਖਸਤਾ ਕਰ ਦਿੱਤੀ ਹੈ।ਜਿਸ ਕਰਕੇ ਘਰਾਂ ਦਾ ਸਾਮਾਨ ਚੁੱਕ ਕੇ ਕਿਸੇ ਸੁਰੱਖਿਅਤ ਥਾਂ ਤੇ ਲਿਜਾਣ ਲਈ ਮਜ਼ਬੂਰ ਹਨ।
ਝੋਨੇ ਦੀ ਫਸਲ ਹੋਈ ਬਰਬਾਦ – ਇਸੇ ਪਿੰਡ ਦੇ ਕਿਸਾਨ ਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ 3 ਏਕੜ ਝੋਨੇ ਦੀ ਫਸਲ’ਚ ਬੇਤਹਾਸ਼ਾ ਪਾਣੀ ਭਰ ਗਿਆ ਹੈ।ਜਿਸ ਕਰਕੇ ਜੀਰੀ ਦੀਆਂ ਬੱਲੀਆਂ ਦਾਤਰੀ ਨਾਲ ਹੱਥੀਂ ਕੱਟੀਆਂ ਪਰ ਕੁਝ ਵੀ ਪੱਲੇ ਪੈਣ ਦੀ ਉਮੀਦ ਨਹੀਂ।ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਯੋਗ ਮੁਆਵਜ਼ਾ ਦਿੱਤਾ ਜਾਵੇ।