ਸਰਕਾਰੀ ਪ੍ਰਾਇਮਰੀ ਸਕੂਲ ਬਰਨ ‘ਚ ਹੋਈ ਮਾਪੇ-ਅਧਿਆਪਕ ਮਿਲਣੀ
ਸਰਦੂਲਗੜ੍ਹ-16 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਕੂਲਾਂ ਦਾ ਸਿੱਖਿਆ ਪ੍ਰਬੰਧ ਬਿਹਤਰ ਤੇ ਚੰਗੇਰੇ ਢੰਗ ਨਾਲ ਚਲਾਉਣ ਦੀ ਮਨਸ਼ਾ ਨਾਲ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਨ ਵਿਖੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਰੱਖਿਆ ਗਿਆ। ਸਕੂਲ ਮੁਖੀ ਜਗਸੀਰ ਸਿੰਘ ਨੇ ਇਸ ਮੌਕੇ ਪਹੁੰਚੇ ਮਾਪਿਆਂ ਨੂੰ ਜੀ ਆਇਆਂ ਨੂੰ ਕਿਹਾ। ਇਸ ਦੌਰਾਨ ਬੱਚਿਆਂ ਦੀ ਪੜ੍ਹਾਈ, ਸਿਹਤ, ਮਿਸ਼ਨ ਸਮਰੱਥ, ਬੱਚਿਆਂ ਦੀ ਹਾਜ਼ਰੀ, ਨਵੇਂ ਦਾਖਲਿਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਅਕਤੂਬਰ-ਨਵੰਬਰ ਮਹੀਨੇ ਦੀ ਪ੍ਰੀਖਿਆ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਅਧਿਆਪਕਾ ਸੰਦੀਪ ਕੌਰ ਨੇ ਅਦਾ ਕੀਤੀ। ਇਸ ਮੌਕੇ ਗੁਰਮੀਤ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ, ਰਾਮ ਸਿੰਘ ਪੰਚ, ਅਰਸ਼ਦੀਪ ਸਿੰਘ, ਨਵਦੀਪ ਸਿੰਘ, ਕਰਮ ਸਿੰਘ ਹਾਜ਼ਰ ਸਨ।