ਲੂ ਤੇ ਗਰਮੀ ਤੋਂ ਬਚਾਅ ਲਈ ਤਰਲ ਪਦਾਰਥ ਵਰਤੇ ਜਾਣ – ਡਾ. ਇੰਦੂ ਬਾਂਸਲ
ਸਰਦੂਲਗੜ੍ਹ- 27 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਖਿਆਲਾ ਕਲਾਂ ਵਲੋਂ ਲੂ ਤੇ ਗਰਮੀ ਤੋਂ ਬਚਣ ਵਾਸਤੇ ਲੋਕਾਂ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦੂ ਬਾਂਸਲ ਨੇ ਸਿਹਤ ਤੰਦਰੁਸਤੀ ਕੇਂਦਰ ਅਕਲੀਆ ਵਿਖੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗਰਮ ਹਵਾਵਾਂ ਸਾਡੀ ਪਿਆਸ ਵਧਾਉਣ ਤੋਂ ਇਲਾਵਾ ਅੱਖਾਂ ਤੇ ਚਮੜੀ ਨੂੰ ਨੁਕਸਾਨ ਕਰਦੀਆਂ ਹਨ। ਪਸੀਨੇ ਦੇ ਰੂਪ ‘ਚ ਸਰੀਰ ਗਰਮੀ ਬਾਹਰ ਕੱਢਦਾ ਹੈ। ਜਿਸ ਨਾਲ ਸਰੀਰ ਅੰਦਰ ਪਾਣੀ ਦੀ ਕਮੀ ਹੋ ਜਾਂਦੀ ਹੈ। ਇਕ ਨਿਸਚਿਤ ਸੀਮਾ ਤੋਂ ਬਾਅਦ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ। ਸਰੀਰਕ ਤਾਪਮਾਨ ਬਾਹਰੀ ਤਾਪਮਾਨ ਦੇ ਬਰਾਬਰ ਹੋ ਜਾਂਦਾ ਹੈ। ਜਿਸ ਨੂੰ ਲੂ ਲਗਣਾ ਜਾਂ ਹੀਟ ਸਟ੍ਰੋਕ ਕਹਿੰਦੇ ਹਨ। ਬੱਚਿਆਂ, ਬਜ਼ੁਰਗਾਂ, ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼ਾਂ, ਸਰੀਰਕ ਪੱਖ ਤੋਂ ਕਮਜੋਰ ਲੋਕਾਂ, ਧੁੱਪ ਵਿਚ ਕੰਮ ਕਰਨ ਵਾਲਿਆਂ ਨੂੰ ਲੂ ਲੱਗਣ ਦਾ ਖਤਰਾ ਜਿਆਦਾ ਹੁੰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਦੁਪਹਿਰ ਸਮੇਂ ਘਰ ਤੋਂ ਬਾਹਰ ਨਾ ਜਾਇਆ ਜਾਵੇ। ਘਰ ਦੇ ਬਣੇ ਖਾਣੇ ਦਾ ਹੀ ਸੇਵਨ ਕੀਤਾ ਜਾਵੇ ਕਾਫ਼ੀ, ਚਾਹ, ਫਾਸਟ ਫੂਡ ਪਦਾਰਥ ਦੀ ਵਰਤੋਂ ਨਾ ਕੀਤੀ ਜਾਵੇ। ਪਾਣੀ, ਲੱਸੀ, ਜੀਵਨ ਰੱਖਿਅਕ ਘੋਲ ਜਿਹੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ। ਇਸ ਮੌਕੇ ਗੁਰਵੀਰ ਕੌਰ, ਜਗਦੀਸ਼ ਸਿੰਘ, ਰੁਪਿੰਦਰ ਸਿੰਘ, ਕਿਰਨਪਾਲ ਕੌਰ ਹਾਜ਼ਰ ਸਨ।