ਮੁੱਖ ਮੰਤਰੀ ਦੀ ਹਰਿਆਣਾ ਫੇਰੀ ਪੰਜਾਬ’ਚ ਬਣੀ ਚਰਚਾ ਦਾ ਵਿਸ਼ਾ (ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖੇ ਉਤਾਰਿਆ ਸੀ ਹੈਲੀਕਾਪਟਰ)
ਸਰਦੂਲਗੜ੍ਹ-27 ਅਕਤੂਬਰ (ਜ਼ੈਲਦਾਰ ਟੀ.ਵੀ.) 26 ਅਕਤੂਬਰ ਨੂੰ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਰਿਆਣਾ ਦੇ ਆਦਮਪੁਰ ਦੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਜਾਂਦੇ ਸਮੇਂ ਸਰਦੂਲਗੜ੍ਹ(ਮਾਨਸਾ) ਦੇ ਪਿੰਡ ਕਰੰਡੀ ਵਿਖੇ ਹੈਲੀਕਾਪਟਰ ਉਤਾਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਰਿਹਾ।ਜ਼ਿਕਰ ਯੋਗ ਹੈ ਕਿ ਉਪਰੋਕਤ ਪਿੰਡ ਵਿਖੇ ਬਣਾਏ ਹੈਲੀਪੈਡ ਤੇ ਚੌਪਰ ਉਤਾਰਿਆ ਗਿਆ।ਉਸ ਤੋਂ ਬਾਅਦ ਮੁੱਖ ਮੰਤਰੀ ਨੇ ਪਾਰਟੀ ਦੇ ਪ੍ਰਚਾਰ ਲਈ ਆਦਮਪੁਰ ਤੱਕ ਤਕਰੀਬਨ 68 ਕਿਲੋਮੀਟਰ ਦਾ ਸਫ਼ਰ ਸੜਕੀ ਮਾਰਗ ਰਾਹੀਂ ਤੈਅ ਕੀਤਾ।ਜਾਣਕਾਰੀ ਮੁਤਾਬਿਕ ਹਲਕੇ ਦੇ ਪਿੰਡ ਸੰਘਾ ਵਿਖੇ ਲੋਕ ਮਿਲਣੀ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ ਪਰ ਮੁੱਖ ਮੰਤਰੀ ਸਾਹਬ ਚੰਦ ਲੋਕਾਂ ਨਾਲ ਸੈਲਫੀਆਂ ਕਰਾਉਣ ਉਪਰੰਤ ਹੱਥ ਹਿਲਾਉਂਦੇ ਅੱਗੇ ਚਲੇ ਗਏ।ਜਿਸ ਨੂੰ ਲੈ ਕੇ ਆਮ ਲੋਕਾਂ ਸਮੇਤ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਵਾਲ ਖੜ੍ਹੇ ਕੀਤੇ ਹਨ।
ਨਿੱਜੀ ਦੌਰੇ ਨੂੰ ਦਿਖਾਇਆ ਸਰਕਾਰੀ – ਬਿਕਰਮ ਸਿੰਘ ਮੋਫਰ
ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਤੇ ਕਾਂਗਰਸੀ ਆਗੂ ਬਿਕਰਮ ਸਿੰਘ ਮੋਫਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਆਦਮਪੁਰ ਗਏ ਸਨ।ਉਮੀਦਵਾਰ ਦੇ ਖਾਤੇ’ਚ ਖਰਚਾ ਪੈਣ ਦੇ ਡਰੋਂ ਹੈਲੀਕਾਪਟਰ ਨੂੰ ਪੰਜਾਬ ਦੀ ਹਦੂਦ ਅੰਦਰ ਲਾਹਿਆ ਗਿਆ।ਇਸ ਨਿੱਜੀ ਪ੍ਰੋਗਰਾਮ ਨੂੰ ਸਰਕਾਰੀ ਦਿਖਾ ਕੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਹੈ।ਸੰਘਾ ਵਿਖੇ ਉਨ੍ਹਾਂ ਵਲੋਂ ਨਾ ਕੋਈ ਲੋਕ ਮਿਲਣੀ ਕੀਤੀ ਗਈ ਤੇ ਨਾ ਕੋਈ ਪੱਤਰਕਾਰ ਮਿਲਣੀ।