ਮੁੱਖ ਮੰਤਰੀ ਦੀ ਆਮਦ ‘ਤੇ ਕਰਾਂਗੇ ਰੋਸ ਮਾਰਚ – ਮੀਰਪੁਰ
ਸਰਦੂਲਗੜ੍ਹ – 09 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਰਦੂਲਗੜ੍ਹ ਦੇ ਪਿੰਡ ਆਦਮਕੇ, ਮੀਰਪੁਰ ਖੁਰਦ ਤੇ ਮੀਰਪੁਰ ਕਲਾਂ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 10 ਜੂਨ 2023 (ਸ਼ਨੀਵਾਰ) ਨੂੰ ਮਾਨਸਾ ਫੇਰੀ ਮੌਕੇ ਜਥੇਬੰਦੀ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਕੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ, ਦੇ ਸਬੰਧ ਵਿਚ ਇਲਾਕੇ ਦੇ ਕਿਸਾਨਾਂ ਨੂੰ ਵੱਖ-ਵੱਖ ਪਿੰਡਾਂ ‘ਚ ਇਕੱਠ ਕਰਕੇ ਲਾਮਬੰਦ ਕੀਤਾ ਗਿਆ ਹੈ।ਕਿਸਾਨ ਆਗੂ ਨੇ ਕਿਹਾ ਕਿ ਫਸਲ ਖਰਾਬੇ ਦਾ ਮੁਆਵਜ਼ਾ, ਲੰਪੀ ਸਕਿਨ ਦੀ ਬਿਮਾਰੀ ਨਾਲ ਹੋਏ ਪਸ਼ੂਆਂ ਦੇ ਨੁਕਸਾਨ ਲਈ ਸਹਾਇਤਾ ਰਾਸ਼ੀ ਤੇ ਕਈ ਹੋਰ ਕਿਸਾਨੀ ਮੰਗਾਂ ਨੂੰ ਪੰਜਾਬ ਸਰਕਾਰ ਨੇ ਜਾਣ-ਬੁੱਝ ਕੇ ਪੂਰਾ ਨਹੀਂ ਕੀਤਾ। ਜਥੇਬੰਦੀ ਨੇ ਮਜ਼ਬੂਰੀ ਵੱਸ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ।ਇਸ ਮੌਕੇ ਨੈਬ ਸਿੰਘ, ਰਾਜ ਸਿੰਘ, ਪਾਲਾ ਸਿੰਘ, ਨਿੱਕਾ ਸਿੰਘ, ਜਸਵਿੰਦਰ ਸਿੰਘ, ਬਹਾਦਰ ਸਿੰਘ, ਹਰਬੰਸ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।