ਸਰਦੂਲਗੜ੍ਹ- 1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਨਿਕਾਸ ਦੇ ਢੁੱਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਸਥਾਨਕ ਅਨਾਜ਼ ਮੰਡੀ ਬਰਸਾਤੀ ਮੌਸਮ ਦੌਰਾਨ ਝੀਲ ਦੇ ਰੂਪ’ਚ ਬਦਲ ਜਾਂਦੀ ਹੈ।42 ਸਾਲ ਪਹਿਲਾਂ ਹੋਂਦ ਵਿਚ ਆਈ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੀ ਇਸ ਸਭ ਤੋਂ ਪੁਰਾਣੀ ਦਾਣਾ ਮੰਡੀ’ਚ ਮਾਮੂਲੀ ਜਿਹਾ ਮੀਂਹ ਪੈਣ ਤੇ ਚਾਰ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆਉਣ ਲਗਦਾ ਹੈ।ਜ਼ਿਕਰ ਯੋਗ ਹੈ 1980’ਚ ਮੰਡੀ ਦੇ ਮਨਜ਼ੂਰ ਹੋਣ ੳਪਰੰਤ ਇਸ ਦੇ ਪਹਿਲੇ ਤੇ ਵੱਡੇ ਫੜ੍ਹ ਉੱਪਰ ਫਸਲਾਂ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਸ਼ੈੱਡ ਬਣਾਇਆ ਗਿਆ ਸੀ ਪਰ ਨਵੇਂ ਫੜ੍ਹ ਉੱਚੇ ਬਣਨ ਕਰਕੇ ਸ਼ੈੱਡ ਦੇ ਚੁਫੇਰੇ ਦੀ ਸੜਕ ਕਾਫੀ ਨੀਵੀਂ ਹੋ ਗਈ ਹੈ,ਦੇ ਵਿਚ ਖੜ੍ਹਾ ਪਾਣੀ ਕਈ-ਕਈ ਦਿਨ ਨਹੀਂ ਸੁੱਕਦਾ।ਮੰਡੀ ਦੇ ਉਪਰੋਕਤ ਮਸਲੇ ਦੇ ਹੱਲ ਅਤੇ ਹੋਰ ਸੁਧਾਰਾਂ ਲਈ ਸਬੰਧਿਤ ਅਦਾਰੇ ਦੀ ਸੰਸਥਾ ਮਾਰਕੀਟ ਕਮੇਟੀ ਸਰਦੂਲਗੜ੍ਹ ਨੂੰ ਵੀ ਵਧੇਰੇ ਸਾਧਨ ਤੇ ਸਹੂਲਤਾਂ ਦੀ ਲੋੜ ਹੈ। ਸੀਵਰੇਜ਼ ਦੀ ਸਮੱਸਿਆ- ਅਨਾਜ਼ ਮੰਡੀ ਦਾ ਸੀਵਰੇਜ਼ ਬੰਦ ਹੋਣ ਕਰਕੇ ਮੀਂਹ ਦੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਜਿਸ ਕਰਕੇ 2-2 ਫੁੱਟ ਦੀ ਉੱਚਾਈ ਤੱਕ ਪਾਣੀ ਭਰ ਜਾਂਦਾ ਹੈ।ਜਿਸ ਨਾਲ ਮੰਡੀ ਵਿਚ ਲਿਆਂਦੀ ਫਸਲ ਖਰਾਬ ਹੋ ਜਾਂਦੀ ਹੈ।ਮੰਡੀ ਵਿਚ ਕੰਮ ਕਰਦੇ ਮਜ਼ਦੂਰਾਂ,ਦੁਕਾਨਦਾਰਾਂ ਤੇ ਕਿਸਾਨਾਂ ਲਈ ਵੀ ਵੱਡੀ ਸਿਰਦਰਦੀ ਬਣ ਜਾਂਦਾ ਹੈ। ਦੂਸ਼ਿਤ ਵਾਤਾਵਰਣ–ਅਨਾਜ਼ ਮੰਡੀ’ਚ ਸਫਾਈ ਦੇ ਪ੍ਰਬੰਧ ਵਕਤੀ ਤੌਰ ਤੇ ਕੀਤੇ ਜਾਂਦੇ ਹਨ।ਰੋਜ਼ਾਨਾਂ ਦੀ ਸਾਫ-ਸਫ਼ਾਈ ਨਾ ਹੋਣ ਕਰਕੇ ਸ਼ੈੱਡ ਦੇ ਹੇਠਾਂ ਫਸਲਾਂ ਦੀ ਰਹਿੰਦ-ਖੂੰਹਦ ਤੇ ਹੋਰ ਕੂੜਾ ਕਚਰਾ ਇਕੱਠਾ ਹੋਣ ਨਾਲ ਮੀਂਹ ਪੈਣ ਮਗਰੋਂ ਹਵਾ’ਚ ਫੈਲਦੀ ਹਵਾੜ ਨੱਕ ਢਕਣ ਲਈ ਮਜ਼ਬੂਰ ਕਰਦੀ ਹੈ।ਅਜਿਹੇ ਦੂਸ਼ਿਤ ਮਾਹੌਲ’ਚ ਵਿਅਕਤੀ ਨੂੰ ਮੰਡੀ’ਚ ਖੜ੍ਹਨਾ ਮੁਸ਼ਕਿਲ ਹੋ ਜਾਂਦਾ ਹੈ। ਪੀਣ ਵਾਲੇ ਪਾਣੀ ਘਾਟ ਤੇ ਅਵਾਰਾ ਪਸ਼ੂਆਂ ਦੀ ਸਮੱਸਿਆ – ਅਨਾਜ਼ ਮੰਡੀ’ਚ ਪੀਣ ਵਾਲੇ ਪਾਣੀ
ਦੀ ਬਹੁਤ ਲੋੜ ਹੈ।ਕਣਕ-ਝੋਨੇ ਦੀ ਆਮਦ ਵੇਲੇ ਆਰਜ਼ੀ ਪ੍ਰਬੰਧ ਕਰ ਲਏ ਜਾਂਦੇ ਹਨ।ਇਸ ਤੋਂ ਬਿਨਾਂ ਕਿਤੇ ਵੀ ਪਾਣੀ ਵਾਲੀ ਟੈਂਕੀ ਜਾਂ ਮਟਕੇ ਨਜ਼ਰ ਨਹੀਂ ਆਉਂਦੇ।ਮੰਡੀ’ਚ ਘੁੰਮਦੇ ਅਵਾਰਾ ਪਸ਼ੂ ਕਿਸਾਨਾਂ ਤੇ ਆੜਤੀਆਂ ਲਈ ਵੱਡੀ ਸਮੱਸਿਆ ਬਣਦੇ ਹਨ।ਬੇਲਗਾਮ ਡੰਗਰਾਂ ਦੁਆਰਾ ਉਸੇ ਥਾਂ ਤੇ ਕੀਤਾ ਜਾਂਦਾ ਮਲ ਤਿਆਗ ਹੋਰ ਵੀ ਪਰੇਸ਼ਾਨੀ ਵਧਾਉਣ ਵਾਲਾ ਹੈ। ਕਮੇਟੀ ਕੋਲ ਸਾਧਨਾਂ ਦੀ ਘਾਟ – ਮਾਰਕੀਟ ਕਮੇਟੀ ਕੋਲ ਖੁਦ ਦੇ ਪੱਕੇ ਸਫ਼ਾਈ ਸੇਵਕ ਨਹੀਂ ਹਨ।ਜਿਸ ਕਰਕੇ ਰੋਜ਼ਾਨਾਂ ਦੀ ਸਾਫ-ਸਫ਼ਾਈ ਪ੍ਰਭਾਵਿਤ ਹੁੰਦੀ ਹੈ।ਇਸ ਤੋਂ ਇਲਾਵਾ ਅੱਗ ਬੁਝਾਊ ਗੱਡੀ ਤੇ ਟ੍ਰੈਕਟਰ ਟਰਾਲੀ ਦੀ ਕਮੇਟੀ ਨੂੰ ਜ਼ਰੂਰਤ ਹੈ ਤਾਂ ਜੋ ਲੋੜ ਵੇਲੇ ਅਜਿਹੇ ਸਾਧਨਾਂ ਦਾ ਲਾਹਾ ਲਿਆ ਜਾ ਸਕੇ। ਕੀ ਕਹਿਣਾ ਹੈ ਮਰਕੀਟ ਕਮੇਟੀ ਸਕੱਤਰ ਦਾ – ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਦਾ ਕਹਿਣਾ ਹੈ ਕਿ ਅਨਾਜ਼ ਮੰਡੀ ਨਾਲ ਸਬੰਧਿਤ ਸਮੱਸਿਆਂ ਦੇ ਹੱਲ ਵਾਸਤੇ ਮਤਾ ਪਾ ਕੇ ਮਾਮਲਾ ਬਹੁਤ ਜਲਦੀ ਉੱਚ ਅਧਿਕਾਰੀਆਂ ਦੇ ਧਿਆਨ’ਚ ਲਿਆਂਦਾ ਜਾਵੇਗਾ। ਲੋਕਾਂ ਦੀ ਮੰਗ –ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਅਨਾਜ਼ ਮੰਡੀ’ਚ ਪਾਣੀ ਦੇ ਨਿਕਾਸ ਦਾ ਜਲਦੀ ਹੱਲ ਕੀਤਾ ਜਾਵੇ।ਨੀਵੇਂ ਫੜ੍ਹਾਂ ਨੂੰ ਉੱਚਾ ਚੁੱਕਿਆ ਜਾਵੇ।ਕਮੇਟੀ ਨੂੰ ਪੱਕੇ ਸਫਾਈ ਸੇਵਕ ਦਿੱਤੇ ਜਾਣ।ਪਾਣੀ ਤੇ ਪਖਾਨਿਆਂ ਦਾ ਲੋੜ ਮੁਤਾਬਿਕ ਯੋਗ ਪ੍ਰਬੰਧ ਕੀਤਾ ਜਾਵੇ।ਅਵਾਰਾ ਪਸ਼ੂਆਂ ਨੂੰ ਮੰਡੀ’ਚ ਦਾਖ਼ਲ ਹੋਣ ਤੋਂ ਰੋਕਣ ਦੇ ਉਪਰਾਲੇ ਕੀਤੇ ਜਾਣ।