ਮਨੁੱਖੀ ਜ਼ਿੰਦਗੀ ‘ਚ ਨਰਸ ਦਾ ਦਰਜਾ ਰੱਬ ਵਰਗਾ – ਸੋਢੀ
ਸਰਦੂਲਗੜ੍ਹ – 12 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ।ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਨਰਸਿੰਗ ਦੇ ਖੇਤਰ ‘ਚ ਕੰਮ ਕਰਦੀਆਂ ਸਮੂਹ ਲੜਕੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਨੁੱਖ ਦੀ ਜ਼ਿੰਦਗੀ ‘ਚ ਨਰਸ ਦਾ ਦਰਜਾ ਰੱਬ ਵਰਗਾ ਹੈ।ਹਸਪਤਾਲਾਂ ‘ਚ ਦਾਖ਼ਲ ਮਰੀਜ਼ ਦੀ ਦੇਖਭਾਲ਼ ਸਭ ਤੋਂ ਚੰਗੇ ਢੰਗ ਨਾਲ ਸਿਰਫ ਨਰਸ ਹੀ ਕਰ ਸਕਦੀ ਹੈ।
ਉਪਰੋਕਤ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੱਸਿਆ ਕਿ 12 ਮਈ 1820 ਨੂੰ ਇਟਲੀ ਵਿਚ ਜਨਮੇ ਫਲੋਰੈਂਸ ਨਾਈਟਏਂਗਲ ਨਰਸਾਂ ਦੇ ਮਾਰਗਦਰਸ਼ਕ ਹਨ।ਜਿੰਨ੍ਹਾਂ ਨੇ ਸੰਨ 1860 ਦੌਰਾਨ ਨਰਸਿੰਗ ਸਿਖਲਾਈ ਦੇ ਸਕੂਲ ਖੋਲੇ ਸਨ।ਉਹ ਜੰਗਾਂ-ਯੁੱਧਾਂ ਵਿਚ ਜ਼ਖਮੀ ਹੋਏ ਲੋਕਾਂ ਦੀ ਮੱਲਮ-ਪੱਟੀ ਕਰਨਾ ਆਪਣਾ ਧਰਮ ਸਮਝਦੇ ਸਨ।ਓਸ ਜ਼ਮਾਨੇ ‘ਚ ਰਾਤ ਦੇ ਸਮੇਂ ਰੋਸ਼ਨੀ ਦਾ ਪ੍ਰਬੰਧ ਕਰਕੇ ਚੱਲਣ ਦੇ ਕਾਰਨ ਉਨ੍ਹਾਂ ਨੂੰ ‘ਦ ਲੇਡੀ ਵਿਧ ਲੈਂਪ’ ਵੀ ਕਿਹਾ ਜਾਂਦਾ ਹੈ।
ਇਸ ਮੌਕੇ ਸਿੱਖਿਆਰਥਣਾਂ ਵਲੋਂ ਮੋਮਬੱਤੀਆ ਜਗਾ ਕੇ ਨਰਸਿੰਗ ਦੇ ਕਿੱਤੇ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ।ਸੈਮੀਨਾਰ ਸਮੇਂ ਸਮੂਹ ਸਟਾਫ, ਵਿਦਿਆਰਥੀ, ਸਿੱਖਿਆਰਥੀ ਹਾਜ਼ਰ ਸਨ।