
ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਵਿਖੇ ਕਿਸਾਨ ਵਲੋਂ ਖੁਦਕੁਸ਼ੀ
ਸਰਦੂਲਗੜ੍ਹ- 1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਜ਼ਿਲ੍ਹੇ’ਚ ਹਲਕਾ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਵਿਖੇ ਇਕ ਹੋਰ ਕਿਸਾਨ ਕਰਜੇ ਦੇ ਬੋਝ ਦੀ ਭੇਟ ਚੜ੍ਹ ਗਿਆ।ਮ੍ਰਿਤਕ ਦੀ ਪਤਨੀ ਕਿਰਨਜੀਤ ਕੌਰ ਮੁਤਾਬਿਕ ਉਸ ਦਾ ਪਤੀ ਦਰਸ਼ਨ ਸਿੰਘ ਪੁੱਤਰ ਚੰਦ ਸਿੰਘ ਝੋਨੇ ਦੀ ਫਸਲ ਮਾੜੀ ਰਹਿਣ ਕਾਰਨ ਚਿੰਤਤ ਰਹਿੰਦਾ ਸੀ।ਕੁਝ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਦੇ ਪਾਣੀ ਨਾਲ ਉਨ੍ਹਾਂ ਦਾ ਘਰ ਵੀ ਨੁਕਸਾਨਿਆ ਗਿਆ।ਇਸ ਤੋਂ ਇਲਾਵਾ ਉਨ੍ਹਾਂ ਦੇ ਜ਼ਿੰਮੇ ਬੈਂਕ ਦਾ 13 ਲੱਖ ਰੁ. ਕਰਜ਼ ਹੈ।ਜ਼ਾਹਿਰ-ਏ-ਵਜ੍ਹਾ ਦੇ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ।ਜਿਸ ਕਾਰਨ ਉਸ ਨੇ ਖੇਤ’ਚ ਬਣੇ 15 ਫੁੱਟ ਡੂੰਘੇ ਖੂਹ ਵਿਚ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।ਥਾਣਾ ਜੌੜਕੀਆਂ ਦੀ ਪੁਲਿਸ ਵਲੋਂ ਕਰਮਜੀਤ ਕੌਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ,ਕਿਸਾਨ ਆਗੂ ਦਰਸ਼ਨ ਸਿੰਘ ਜਟਾਣਾ,ਮਲੂਕ ਸਿੰਘ ਹੀਰਕੇ ਨੇ ਪੀੜਤ ਪਰਿਵਾਰ ਲਈ ਕਰਜ਼ਾ ਮਾਪੀ ਦੇ ਨਾਲ-ਨਾਲ ਪੰਜਾਬ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।ਮ੍ਰਿਤਕ ਕਿਸਾਨ ਆਪਣੇ ਪਤਨੀ ਤੇ 2 ਲੜਕੇ
ਛੱਡ ਗਿਆ ਹੈ।