ਮਾਨਸਾ ਦੇ ਪਿੰਡ ਕੁਲਰੀਆਂ ਵਿਖੇ 32 ਏਕੜ ਪੰਚਾਇਤੀ ਜ਼ਮੀਨ ਛਡਵਾਈ
ਸਰਦੂਲਗੜ੍ਹ – 12 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜੇ ਛਡਵਾਉਣ ਲਈ ਵਿੱਢੀ ਮੁਹਿੰਮ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿਖੇ ਵਾਹੀਯੋਗ 32 ਏਕੜ ਪੰਚਾਇਤੀ ਜ਼ਮੀਨ ਕਬਜਾ ਮੁਕਤ ਕਰਵਾਈ ਗਈ। ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਨੁਸਾਰ 2 ਮਈ 2023 ਨੂੰ ਮਾਲ ਵਿਭਾਗ ਰਾਹੀਂ 43 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਜਿਸ ਦੇ ਕਰੀਬ 7 ਏਕੜ ਵਿਚ ਪੱਕੇ ਘਰ ਤੇ 4 ਏਕੜ ਰਕਬੇ ‘ਚ ਇਸ ਜ਼ਮੀਨ ਨੂੰ ਖਾਲ਼, ਪਹੀਆਂ, ਰਸਤੇ ਲੱਗਦੇ ਹਨ। ਪੰਚਾਇਤ ਦੀ ਮੰਗ ਤੇ ਮਤੇ ਅਨੁਸਾਰ ਜ਼ਮੀਨ ਨੂੰ ਕਬਜਾ ਮੁਕਤ ਕਰਵਾ ਕੇ ਖੁੱਲ੍ਹੀ ਬੋਲੀ ਰਾਹੀਂ ਚਕੌਤੇਦਾਰਾਂ ਦੇ ਸਪੁਰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਘਰਾਂ ਵਾਲੀ ਰਹਿੰਦੀ 7 ਏਕੜ ਜ਼ਮੀਨ ਲਈ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬਣਦੀ ਕਾਰਵਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਰਹਿੰਦੀ ਕਰੀਬ 28 ਏਕੜ ਦੀ ਨਿਸ਼ਾਨਦੇਹੀ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜੇ ਨਾ ਕੀਤੇ ਜਾਣ। ਇਸ ਮੌਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।