ਮਜ਼ਦੂਰ ਮੁਕਤੀ ਮੋਰਚਾ ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ
ਸਰਦੂਲਗੜ੍ਹ- 23 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਦੇ ਕਿਰਤੀ ਲੋਕਾਂ ਨੇ ਬਦਲਾਅ ਦੀ ਆਸ ਨਾਲ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਹੱਕ ‘ਚ ਫਤਵਾ ਦਿੱਤਾ ਪਰ ਸੱਤਾ ‘ਚ ਆਉਣ ਤੋਂ ਬਾਅਦ ਆਪ ਸਰਕਾਰ ਵੀ ਮਜ਼ਦੂਰ ਵਿਰੋਧੀ ਸਾਬਿਤ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਘਰਾਂਗਣਾ ਤੇ ਅੰਗਰੇਜ਼ ਸਿੰਘ ਘਰਾਂਗਣਾ, ਬਿੰਦਰ ਕੌਰ ਉੱਡਤ ਦਰਸ਼ਨ ਸਿੰਘ ਦਾਨੇਵਾਲੀਆ, ਹਰਮੇਸ਼ ਸਿੰਘ ਭੰਮੇ ਖੁਰਦ ਨੇ ਰਾਏਪੁਰ, ਅਕਲੀਆ ਤਲਵੰਡੀ, ਝੇਰਿਆਂਵਾਲੀ, ਬਾਜੇਵਾਲਾ, ਬੀਰੇਵਾਲਾ ਤੇ ਬਾਂਦਰਾਂ ਪਿੰਡ ਵਿਖੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਨੇ ਹਜ਼ਾਰਾਂ ਗਰੀਬ ਪਰਿਵਾਰਾਂ ਦੇ ਸਮਾਰਟ ਕਾਰਡ ਕੱਟ ਦਿੱਤੇ ਹਨ। ਮੋਦੀ ਸਰਕਾਰ ਦੇ ਮਜ਼ਦੂਰ ਵਿਰੋਧੀ ਕਾਲੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਭ ਤੋਂ ਪਹਿਲ ਵਿਖਾਈ ਹੈ। ਕੇਂਦਰ ਸਰਕਾਰ ਨੇ ਮਨਰੇਗਾ ਬਜ਼ਟ ਤੇ ਵੱਡਾ ਕੱਟ ਲਗਾ ਕੇ ਪੇਂਡੂ ਮਜ਼ਦੂਰ ਨਾਲ ਬੇਇਨਸਾਫੀ ਕੀਤੀ ਹੈ। ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਾ ਮਾਫ਼ ਕੀਤਾ ਜਾਵੇ, ਦੀ ਮੁਆਫ਼ੀ, ਲੋੜਵੰਦ ਬੇਜ਼ਮੀਨੇ ਮਜ਼ਦੂਰ ਪਰਿਵਾਰਾਂ ਨੂੰ ਦਸ-ਦਸ ਮਰਲੇ ਦੇ ਰਿਹਾਇਸ਼ੀ ਪਲਾਟ ਅਲਾਟ ਕੀਤੇ ਜਾਣ, ਮਨਰੇਗਾ ਕਾਨੂੰਨ ਤਹਿਤ 200 ਸੌ ਦਿਨ ਕੰਮ, 700 ਰੁਪਏ ਦਿਹਾੜੀ ਤੇ ਰੋਜ਼ਾਨਾਂ ਕੰਮ ਦੇ 6 ਘੰਟੇ ਕੀਤੇ ਜਾਣ। ਇਹਨਾਂ ਮੰਗਾਂ ਨੂੰ ਲੈ ਕੇ 5 ਜਨਵਰੀ 2024 ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਕੀਤਾ ਜਵੇਗਾ। ਇਸ ਮੌਕੇ ਕੇਵਲ ਸਿੰਘ ਰਾਏਪੁਰ, ਰੇਸ਼ਮ ਸਿੰਘ ਘਰਾਂਗਣਾ, ਹਰਬੰਸ ਸਿੰਘ ਨੰਦਗੜ੍ਹ, ਸੀਤਾ ਰਾਮ ਨੰਦਗੜ੍ਹ ਤੇ ਹੋਰ ਮਜ਼ਦੂਰ ਭਾਈਚਾਰੇ ਦੇ ਲੋਕ ਹਾਜ਼ਰ ਸਨ।