
ਭੀਖੀ ਤੋਂ ਸ਼ੁਰੂ ਹੋਵੇਗੀ ਪੰਜ ਮੈਂਬਰੀ ਕਮੇਟੀ ਵਲੋਂ ਮਾਨਸਾ ਜ਼ਿਲ੍ਹੇ ਦੀ ਭਰਤੀ -ਢੀਂਡਸਾ
ਸਰਦੂਲਗੜ੍ਹ – 5 ਅਪ੍ਰੈਲ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜ ਮੈਂਬਰੀ ਕਮੇਟੀ ਵਲੋਂ ਅਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਨੂੰ ਲੈ ਕੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਰਦੂਲਗੜ੍ਹ ਵਿਖੇ ਮੰਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਮਾਨਸਾ ਜ਼ਿਲ੍ਹੇ ‘ਚ ਭਰਤੀ ਦੀ ਸ਼ੁਰੂਆਤ ਭੀਖੀ ਵਿਖੇ ਰੱਖੇ ਗਏ ਇਕ ਵੱਡੇ ਇਕੱਠ ਤੋਂ ਕੀਤੀ ਜਾਵੇਗੀ। ਸਾਬਕਾ ਮੰਤਰੀ ਨੇ ਕਿਹਾ ਕਿ ਇਹ ਭਰਤੀ ਆਪ ਮੁਹਾਰੇ ਨਹੀਂ ਸਗੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾ ਮੁਤਾਬਿਕ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਸਾਬਕਾ ਮੰਤਰੀ ਨੇ ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਮੇਤ ਸਮੂਹ ਹਲਕਾ ਨਿਵਾਸੀਆਂ ਨੂੰ ਭਰਤੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਕੀਤੀ ਭਰਤੀ ਕਮੇਟੀ ਨੂੰ ਦਰਕਿਨਾਰ ਕਰਕੇ ਆਪਣੀ ਮਰਜ਼ੀ ਨਾਲ ਭਰਤੀ ਸ਼ੁਰੂ ਕਰ ਕੀਤੀ। ਜਿਸ ਦਾ ਮੁੱਖ ਏਜੰਡਾ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਪਾਰਟੀ ਪ੍ਰਧਾਨ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਕਈ ਆਗੂ ਤੇ ਵਰਕਰ ਹਾਜ਼ਰ ਸਨ।