ਭਾਰਤ ਦਾ ਰਾਸ਼ਟਰੀ ਰੁੱਖ ‘ਬੋਹੜ’
Sardulgarh – 9 may ( Parkash Sing Zaildar)
ਭਾਰਤ ਦਾ ਰਾਸ਼ਟਰੀ ਰੁੱਖ ‘ਬੋਹੜ’
ਨਾਮ :
ਪੰਜਾਬੀ – ਬਰੋਟਾ
ਹਿੰਦੀ – ਬਰ
ਅੰਗਰੇਜ਼ੀ – Banyan tree
ਅਰਬੀ – ਬਰਗਦ
ਫਾਰਸੀ – ਜ਼ਾਤ ਅਲ ਜ਼ਵਾਨਬ
ਸੰਸਕ੍ਰਿਤ – ਵਟ ਬ੍ਰਿਕਸ਼
ਵਿਗਿਆਨਕ ਨਾਮ – Ficus Bengalensis
ਉਮਰ :
ਇਹ ਮੰਨਿਆ ਜਾਂਦਾ ਹੈ ਕਿ ਬੋਹੜ ਦੀ ਉਮਰ 1000 ਸਾਲ ਤੱਕ ਹੋ ਸਕਦੀ ਹੈ। ਬੋਹੜ ਦੇ ਲੰਮੇ ਰੇਸ਼ਿਆਂ ਨੂੰ ਬੋਹੜ ਦੀ ‘ਦਾੜ੍ਹੀ’ਵੀ ਕਿਹਾ ਜਾਂਦਾ ਹੈ। ਇਕ ਖਾਸ ਉਮਰ ‘ਚ ਪਹੁੰਚ ਕੇ ਇਸ ਦੇ ਰੇਸ਼ੇ ਧਰਤੀ ਨੂੰ ਛੂਹਣ ਲੱਗਦੇ ਹਨ। ਲੋਕ ਧਾਰਣਾ ਹੈ ਕਿ ਜਿਸ ਬੋਹੜ ਦੀ ਦਾੜ੍ਹੀ ਧਰਤੀ ਨੂੰ ਛੁੂਹ ਜਾਵੇ ਤਾਂ ਉਸ ਦਰਖ਼ਤ ਦੀ ਉਮਰ 100 ਸਾਲ ਤੋਂ ਲੰਘ ਗਈ ਹੁੰਦੀ ਹੈ।
ਕਿਸਮ :
ਬੋਹੜ ‘ਸ਼ਹਿਤੂਤ’ ਕੁਲ ਦਾ ਦਰਖ਼ਤ ਮੰਨਿਆ ਜਾਂਦਾ ਹੈ।
ਫਲ਼ :
ਬੋਹੜ ਦੇ ਦਰਖ਼ਤ ਦਾ ਫਲ਼ ਲਾਲ ਰੰਗਾ ਦਾ ਹੁੰਦਾ ਹੈ। ਬੋਹੜ ਦੇ ਪੱਤਿਆਂ ਜਾਂ ਸ਼ਾਖਾਵਾਂ ‘ਚ ਗਾੜ੍ਹੇ ਰੰਗ ਦਾ ਮਹਿਲੂਲ ਨਿਕਲਦਾ ਹੈ। ਜਿਸ ਨੂੰ ਬੋਹੜ ਦਾ ‘ਦੁੱਧ’ ਕਿਹਾ ਜਾਂਦਾ ਹੈ। ਇਸ ਦੇ ਪੱਤੇ ਅੰਡੇ ਦੀ ਸ਼ਕਲ ਦੇ, ਚਮਕੀਲੇ, ਵੱਡੇ ਤੇ ਚੰਮ ਵਰਗੇ ਹੁੰਦੇ ਹਨ।
ਲਾਭ :
ਬੋਹੜ ਦਾ ਦਰਖ਼ਤ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ, ਜਿਸ ਕਰਕੇ ਇਸ ਨੂੰ ਮਨੁੱਖੀ ਜ਼ਿੰਦਗੀ ਲਈ ਕੁਦਰਤ ਦਾ ਵਰਦਾਨ ਆਖਿਆ ਜਾਂਦਾ ਹੈ। ਇਸ ਦਰਖ਼ਤ ਦੀ ਲੱਕੜ ਹਲਕੀ ਤੇ ਪਾਣੀ ਵਿਚ ਘੱਟ ਗਲਣਸ਼ੀਲ ਹੁੰਦੀ ਹੈ, ਜਿਸ ਕਰਕੇ ਪੁਰਾਣੇ ਸਮਿਆਂ ‘ਚ ਖੂਹ ਦਾ ਚੱਕ ਜਿਆਦਾਤਰ ਬੋਹੜ ਦੀ ਲੱਕੜ ਦਾ ਬਣਾਇਆ ਜਾਂਦਾ ਸੀ।
ਡਾਕਟਰੀ ਲਾਭ :
ਬੋਹੜ ਦੇ ਦਰਖ਼ਤ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਤੱਤ ਪਾਏ ਜਾਂਦੇ ਹਨ।
1. ਬੋਹੜ ਦੇ ਫਲ਼ ਨੂੰ ਛਾਂ ‘ਚ ਸੁਕਾਉਣ ਤੋਂ ਬਾਅਦ ਪਾਊਡਰ ਬਣਾ ਲਿਆ ਜਾਵੇ। ਬਰਾਬਰ ਮਾਤਰਾ ‘ਚ ਧਾਗੇ ਵਾਲੀ ਮਿਸ਼ਰੀ ਮਿਲਾ ਕੇ 1-1 ਚਮਚ ਸਵੇਰੇ ਸ਼ਾਮ ਦੁੱਧ ਨਾਲ ਲੈਣ ‘ਤੇ ਪੁਰਸ਼ ਰੋਗ (ਸੁਪਨਦੋਸ਼, ਧਾਂਤ, ਕਮਜ਼ੋਰੀ) ਠੀਕ ਹੋ ਜਾਂਦੇ ਹਨ।
2. ਬੋਹੜ ਦੇ 25 ਗਰਾਮ ਪੱਤੇ ਤਵੇ ‘ਤੇ ਰਾਖ ਬਣਾ ਕੇ, 100 ਗਰਾਮ ਅਲਸੀ ਦੇ ਤੇਲ ਵਿਚ ਮਿਲਾ ਕੇ, ਸਿਰ ‘ਤੇ ਮਾਲਿਸ਼ ਕਰਨ ਨਾਲ ਗੰਜਾਪਣ ਠੀਕ ਹੋਣਾ ਮੰਨਿਆ ਜਾਂਦਾ ਹੈ।
3. ਬੋਹੜ ਦੀ ਨਰਮ ਟਹਿਣੀ ਦੀ ਦਾਤਣ ਹਿੱਲਦੇ ਤੇ ਦੁੱਖਦੇ ਦੰਦਾਂ ਨੂੰ ਰਾਹਤ ਪਹੁੰਚਾਉਂਦੀ ਹੈ।
4. ਬੋਹੜ ਦੇ ਫਲ ਵਿਚ ਫਾਈਬਰ, ਪ੍ਰੋਟੀਨ, ਵਿਟਾਮਿਨ, ਫਾਸਫੋਰਸ ਮਿਲਦੇ ਹਨ।
ਧਾਰਮਿਕ ਮਹੱਤਵ :
1. ਹਿੰਦੂ ਮਤ ਵਿਚ ‘ਬੋਹੜ’ ਨੂੰ ਬਹੁਤ ਮੁਕੱਦਸ ਦਰਖ਼ਤ ਮੰਨਿਆ ਜਾਂਦਾ ਹੈ।
2. ਬੁੱਧ ਧਰਮ ਵਿਚ ਵੀ ਬੋਹੜ ਦੇ ਦਰਖ਼ਤ ਦਾ ਅਹਿਮ ਸਥਾਨ ਹੈ। ਇਹ ਕਿਹਾ ਜਾਂਦਾ ਹੈ ਕਿ ‘ਗੌਤਮ ਬੁੱਧ’ ਬੋਹੜ ਦੇ ਦਰਖ਼ਤ ਹੇਠ ਬੈਠਿਆ ਕਰਦੇ ਸਨ, ਜਿੱਥੇ ਉਨ੍ਹਾਂ ਨੂੰ ਰੋਸ਼ਨੀ ਮਿਲੀ ਸੀ। ਇਸ ਕਰਕੇ ਬੋਹੜ ਦੇ ਦਰਖ਼ਤ ਨੂੰ ‘ਬੁੱਧ ਬ੍ਰਿਕਸ਼’ ਵੀ ਕਿਹਾ ਜਾਂਦਾ ਹੈ।
ਸਿੱਖ ਇਤਿਹਾਸ ਨਾਲ ਸਬੰਧ :
ਸਿੱਖ ਇਤਿਹਾਸ ‘ਚ ਕਈ ਗੁਰਦੁਆਰਾ ਸਾਹਿਬਾਂ ਦੇ ਨਾਂਅ ਬੋਹੜ ਦੇ ਨਾਮ ‘ਤੇ ਪ੍ਰਚੱਲਿਤ ਹਨ। ਕੀਰਤਪੁਰ ਨੇੜੇ ਪਿੰਡ ਭਗੋਲਾ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੱਲ ਵਿਚ ਗੁਰਦੁਆਰਾ ‘ਬਰੋਟਾ ਸਾਹਿਬ’ ਸੁਸ਼ੋਭਿਤ ਹਨ। ਰੋਪੜ ਜ਼ਿਲ੍ਹੇ ਵਿਚ ਗੁਰਦੁਆਰਾ ‘ਬੋਹੜ ਸਾਹਿਬ’ ਬਣਿਆ ਹੋਇਆ ਹੈ।
ਪੁਰਾਤਨ ਰੁੱਖ :
1. ਬੋਹੜ ਦਾ ਦਰਖ਼ਤ ਇਕ ਪੁਰਾਤਨ ਤੇ ਵਿਰਾਸਤੀ ਰੱੁਖ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਕਲਾਂ ਵਿਚ ਇਕ 200 ਸਾਲ ਪੁਰਾਣਾ ਬੋਹੜ ਹੈ, ਜੋ 4 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ।
2. ਆਂਧਰਾ ਪ੍ਰਦੇਸ ਵਿਚ ਇਕ 700 ਸਾਲ ਪੁਰਾਣਾ ਬੋਹੜ ਦਾ ਦਰਖ਼ਤ ਦੱਸਿਆ ਜਾਂਦਾ ਹੈ। ਜਿਸ ਦੇ ਹੇਠਾਂ 20 ਹਜ਼ਾਰ ਲੋਕ ਖੜ੍ਹੇ ਹੋ ਸਕਦੇ ਹਨ। ਇਹ 5 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ।
3. ਪੱਛਮੀ ਬੰਗਾਲ ਦੇ ਹਾਵੜਾ ‘ਚ ਵੀ 250 ਸਾਲ ਪੁਰਾਣਾ ਇਕ ਬੋਹੜ ਦਾ ਦਰਖ਼ਤ ਹੈ, ਜੋ 4.67 ਏਕੜ ਜ਼ਮੀਨ ਵਿਚ ਫੈਲਿਆ ਹੋਇਆ ਹੈ. ਇਸ ਦਾ ਨਾਂਅ ‘ਗਿੰਨੀਜ਼ ਬੁੱਕ’ ਵਿਚ ਦਰਜ ਹੈ। ਇਹ ਦਰਖ਼ਤ ਆਪਣੇ ਆਪ ਵਿਚ ਇਕ ਪੂਰਣ ਜੰਗਲ ਹੈ। ਇਸ ਦੀਆਂ 3000 ਹਜ਼ਾਰ ਤੋਂ ਵੱਧ ਸ਼ਾਖਾਵਾਂ ਹਨ।
4. ਬੋਹੜ ਦਾ ਦਰਖ਼ਤ ਪੰਜਾਬੀ ਤੇ ਪੇਂਡੂ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਿਹਾ ਹੈ। ਪੁਰਾਣੇ ਸਮਿਆਂ ‘ਚ ਲੋਕ ਬੋਹੜ ਦੀ ਛਾਂ ਹੇਠ ਬੈਠ ਕੇ ਦੁਪਹਿਰਾਂ ਗੁਜ਼ਾਰਿਆ ਕਰਦੇ ਸਨ। ਧਾਰਮਿਕ ਤੇ ਵਿਰਾਸਤੀ ਮੇਲਿਆਂ ‘ਚ ਢਾਡੀ, ਕਵੀਸ਼ਰ ਤੇ ਹੋਰ ਗਮੰਤਰੀ ਬੋਹੜ ਦੇ ਦਰਖ਼ਤ ਹੇਠਾਂ ਸਟੇਜ ਲਗਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ। ਸਾਡਾ ਵੀ ਫਰਜ਼ ਬਣਦਾ ਹੈ ਕਿ ਖ਼ਤਮ ਹੁੰਦੇ ਜਾ ਰਹੇ ਇਹਨਾਂ ਦਰਖ਼ਤਾਂ ਦੀ ਹੋਂਦ ਬਚਾਉਣ ਲਈ ਯਤਨ ਕੀਤੇ ਜਾਣ। ਹੋਰਨਾਂ ਦਰਖ਼ਤਾਂ ਦੇ ਨਾਲ ਨਾਲ ਸਾਂਝੀਆਂ ਥਾਵਾਂ ਤੇ ਜੇਕਰ ਹੋ ਸਕੇ ਬੋਹੜ ਦੇ ਰੁੱਖ ਵੀ ਲਗਾਏ ਜਾਣ ਤਾਂ ਜੋ ਇਹ ਜੀਵਨ ਦਾਨੀ ‘ਬੋਹੜ’ ਦਾ ਦਰਖ਼ਤ ਹਮੇਸ਼ਾਂ ਲਈ ਮਨੁੱਖ ਦਾ ਸਾਥ ਦਿੰਦਾ ਰਹੇ।