ਮਾਮਲਾ ਫਸਲਾਂ ਦੇ ਨੁਕਸਾਨ ਦੀ ਗਿਰਦਵਾਰੀ ਦਾ
ਸਰਦੂਲਗੜ੍ਹ-6 ਅਪ੍ਰੈਲ (ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ ਦੀ ਅਗਵਾਈ‘ਚ ਸਰਦੂਲਗੜ੍ਹ ਦੇ ਤਹਿਸੀਲਦਾਰ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ।ਜਥੇਬੰਦੀ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਇਲਾਕੇ ਅੰਦਰ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਜਿਸ ਦਾ ਮੁਆਵਜ਼ਾ ਦੇਣ ਲਈ ਸਰਕਾਰ ਨੇ ਗਿਰਦਾਵਰੀ ਕਰਨ ਦਾ ਐਲਾਨ ਕੀਤਾ ਸੀ।ਕਿਸਾਨ ਆਗੂ ਨੇ ਦੋਸ਼ ਲਾਇਆ ਕਿ 13 ਦਿਨ ਲੰਘ ਜਾਣ ਦੇ ਬਾਵਜੂਦ ਕਈ ਪਿੰਡਾਂ‘ਚ ਗਿਰਦਾਵਰੀ ਸ਼ੁਰੂ ਨਹੀਂ ਕੀਤੀ ਗਈ।ਇਸ ਤੋਂ ਇਲਾਵਾ ਕੁਝ ਕਿਸਾਨਾਂ ਨੂੰ ਅਜੇ ਤੱਕ ਨਰਮਾ ਖਰਾਬੇ ਦਾ ਮੁਆਵਜ਼ਾ ਵੀ ਨਹੀਂ ਮਿਲ ਸਕਿਆ।
ਤਹਿਸੀਲਦਾਰ ਨੇ ਦਿੱਤਾ ਭਰੋਸਾ – ਚੱਲਦੇ ਧਰਨੇ ਦੌਰਾਨ ਉਕਤ ਅਧਿਕਾਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਵਿਸਾਖੀ ਤੱਕ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਮੁਕੰਮਲ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।ਮੰਗ ਪੱਤਰ ਦੇਣ ਉਪਰੰਤ ਕਿਸਾਨਾਂ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।ਇਸ ਮੌਕੇ ਬਖਸ਼ੀਸ਼ ਸਿੰਘ, ਮਹਿੰਦਰ ਸਿੰਘ, ਹਰਗੋਬਿੰਦ ਸਿੰਘ ਕੋਠੇ ਜਟਾਣਾ, ਸ਼ੁਭਕਰਨ ਸਿੰਘ ਬਰਨ, ਜਸਵੰਤ ਸਿੰਘ, ਰਾਜ ਸਿੰਘ ਹੀਰਕੇ, ਹਰਜੀਤਪਾਲ ਸਿੰਘ, ਤਰਸੇਮ ਸਿੰਘ, ਜਗਸੀਰ ਸਿੰਘ, ਭੋਲਾ ਸਿੰਘ ਰੋੜਕੀ, ਹਰਜਿੰਦਰ ਸਿੰਘ ਆਹਲੂਪੁਰ ਹਾਜ਼ਰ ਸਨ।