ਮਾਮਲਾ ਮੁਆਵਜ਼ਾ ਨਾ ਮਿਲਣ ਦਾ
ਸਰਦੂਲਗੜ੍ਹ- 7 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਲੈਣ ਲਈ ਪਿਛਲੇ 2 ਮਹੀਨੇ ਤੋਂ ਸਰਦੂਲਗੜ੍ਹ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਮੂਹਰੇ ਪੱਕਾ ਮੋਰਚਾ ਲਗਾ ਰੱਖਿਆ ਹੈ। ਜਿਸ ਦਾ ਅਜੇ ਤੱਕ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸੇ ਮਸਲੇ ਨੂੰ ਲੈ ਕੇ ਸਰਦੂਲਗੜ੍ਹ ਤੇ ਝੁਨੀਰ ਬਲਾਕ ਦੇ ਆਗੂਆਂ ਵਲੋਂ ਇਕ ਵਿਸੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰ ਦੀ ਕਿਸਾਨਾਂ ਪ੍ਰਤੀ ਇਸ ਬੇਰੁਖੀ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ‘ਚ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਜ਼ਿਲ੍ਹਾ ਭਰ ਤੋਂ ਵੱਡੀ ਗਿਣਤੀ ‘ਚ ਕਿਸਾਨ ਇਸ ਧਰਨੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਕੇਸ ਬਣਾ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀ ਮੰਗ ਨਾ ਮੰਨੀ ਗਈ ਤਾਂ ਜਥੇਬੰਦੀ ਵੱਡੇ ਪੱਧਰ ਤੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੇ ਸਿਰ ਹੋਵੇਗੀ। ਇਸ ਮੌਕੇ ਸਰਦੂਲਗੜ੍ਹ ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲੀ ਮੀਰਪੁਰ, ਝੁਨੀਰ ਬਲਾਕ ਦੇ ਪ੍ਰਧਾਨ ਕੁਲਦੀਪ ਸਿੰਘ, ਗੁਰਤੇਜ ਸਿੰਘ ਟਿੱਬੀ, ਬਿੰਦਰ ਸਿੰਘ ਝੰਡਾ ਗੁਰਚਰਨ ਸਿੰਘ ਕੁਸਲਾ, ਤਰਲੋਚਨ ਸਿੰਘ ਸਰਦੂਲੇਵਾਲਾ, ਨਾਜਰ ਸਿੰਘ ਮੀਰਪੁਰ ਹਾਜ਼ਰ ਸਨ।