ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਰਦੂਲਗੜ੍ਹ ਵਿਖੇ ਵਿਚਾਰ ਚਰਚਾ ਪ੍ਰੋਗਰਾਮ
ਸਰਦੂਲਗੜ੍ਹ – 13 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਨੌਜਵਾਨੀ ਪ੍ਰਵਾਸ, ਨਸ਼ੇ, ਅਪਰਾਧ ਦੇ ਵਿਸ਼ੇ ‘ਤੇ ਲਾਲਾ ਚਰੰਜੀ ਲਾਲ ਧਰਮਸ਼ਾਲਾ ਸਰਦੂਲਗੜ੍ਹ ਵਿਖੇ ਇਕ ਵਿਚਾਰ ਚਰਚਾ ਕਰਵਾਈ ਗਈ।ਡਾਕਟਰ ਸਰਬਜੀਤ ਸਿੰਘ ਮਠੱਡਾ ਨੇ ਕਿਹਾ ਕਿ ਮਨੁੱਖ ਸਦੀਆਂ ਤੋਂ ਪ੍ਰਵਾਸ ਕਰਦਾ ਆਇਆ ਹੈ।ਰੋਜ਼ੀ-ਰੋਟੀ ਦੀ ਕਮਾਉਣ ਲਈ ਲੋਕ ਇਕ ਤੋਂ ਦੂਜੇ ਦੇਸ਼ ਜਾਂਦੇ ਰਹੇ ਹਨ।ਅੱਜ 18-20 ਸਾਲ ਉਮਰ ਦੇ ਨੌਜਵਾਨਾਂ ‘ਚ ਵਿਦੇਸ਼ ਜਾਣ ਦਾ ਵਧ ਰਿਹਾ ਰੁਝਾਨ ਇਕ ਚਿੰਤਾ ਦਾ ਵਿਸ਼ਾ ਹੈ।
ਸਾਡੀ ਕਿਰਤ ਸ਼ਕਤੀ ਬਾਹਰ ਜਾ ਰਹੀ ਹੈ ਜਦੋਂ ਕਿ ਸਮਾਜ ਦੀ ਤਰੱਕੀ ‘ਚ ਕਿਰਤ ਦਾ ਹੀ ਵੱਡਾ ਯੋਗਦਾਨ ਹੁੰਦਾ ਹੈ।ਫੀਸਾਂ ਦੇ ਰੂਪ ‘ਚ ਦੇਸ਼ ਦੇ ਅਰਬਾਂ ਰੁਪਏ ਦੂਜੇ ਮੁਲਕਾਂ ਵਿਚ ਲੱਗ ਰਹੇ ਹਨ।ਜਿਸ ਦਾ ਆਰਥਿਕਤਾ ਨੂੰ ਨੁਕਸਾਨ ਹੁੰਦਾ ਹੈ।ਵੱਡਮੁੱਲੇ ਸਰਮਾਏ ਤੋਂ ਦੇਸ਼ ਵਾਂਝਾ ਹੋ ਰਿਹਾ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਛੋਟੇ ਪੱਧਰ ਦੀ ਇੰਡਟਰਰੀਜ਼ ਨੂੰ ਵਿਕਸਿਤ ਕੀਤਾ ਜਾਵੇ।ਜਿਸ ਨਾਲ ਗੁਆਂਢੀ ਮੁਲਕ ਚੀਨ ਦਾ ਦੁਨੀਆਂ ਭਰ ਦੀ ਮੰਡੀ ਤੇ ਦਬਦਬਾ ਹੈ।ਪਬਲਿਕ ਸੈਕਟਰ ਵਿਚ ਘੱਟ ਤੋਂ ਘੱਟ 10 ਫੀਸਦੀ ਲੋਕਾਂ ਨੂੰ ਰੁਜ਼ਗਾਰ ਦੇ ਕੇ ਬਾਹਰ ਜਾਣ ਦੀ ਪਰਵਿਰਤੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਤੇ ਅਪਰਾਧ ਬੇਰੁਜ਼ਗਾਰੀ ਦੇ ਆਲਮ ‘ਚੋਂ ਉਪਜਦੇ ਹਨ। ਆਲਮੀ ਪੱਧਰ ਤੇ ਡਰੱਗ ਮਾਫੀਏ ਨੇ ਜਾਲ਼ ਵਿਛਾ ਰੱਖਿਆ ਹੈ।ਜਲਦੀ ਅਮੀਰ ਹੋਣ ਦੀ ਲਾਲਸਾ ਕਾਰਨ ਨੌਜਵਾਨ ਵਰਗ ਇਸ ਵਿਚ ਲਗਾਤਾਰ ਫਸਦਾ ਜਾ ਰਿਹਾ ਹੈ।ਬਹੁਪੱਖੀ ਪਹੁੰਚ ਅਪਣਾ ਕੇ ਨੌਜਵਾਨਾਂ ਨੂੰ ਇਸ ਪਾਸੇ ਤੋਂ ਮੋੜਿਆ ਜਾ ਸਕਦਾ ਹੈ।ਜਿਸ ਲਈ ਨਰੋਈ ਸੋਚ, ਲਾਇਬ੍ਰੇਰੀਆਂ ਤੇ ਰੋਜ਼ਗਾਰ ਦੇ ਵਸੀਲਿਆਂ ਦਾ ਹੋਣਾ ਜ਼ਰੂਰੀ ਹੈ।ਨੌਜਵਾਨਾਂ ਦਾ ਧਿਆਨ ਗਲਤ ਰਾਹ ਤੋਂ ਹਟਾਉਣ ਲਈ ਸ਼ਹੀਦ ਭਗਤ ਸਿੰਘ ਸਭਾ, ਨੌਜਵਾਨ ਕਲੱਬ, ਖੇਡ ਸਭਾਵਾਂ ਨੂੰ ਕਾਇਮ ਕਰਨ ਦੀ ਲੋੜ ਹੈ।
ਜ਼ਿਲ੍ਹਾ ਸਕੱਤਰ ਕਾਰਮੇਡ ਲਾਲ ਚੰਦ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।ਸਮਾਗਮ ਦੀ ਪ੍ਰਧਾਨਗੀ ਗੁਰਦੇਵ ਸਿੰਘ ਲੋਹਗੜ੍ਹ, ਰਣਵੀਰ ਸਿੰਘ ਜੈਨ, ਧੰਨਾ ਸਿੰਘ ਟਾਹਲੀਆਂ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਬੰਸੀ ਲਾਲ, ਰਾਮ ਕ੍ਰਿਸ਼ਨ ਭਾਰਤੀ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਵਿੰਦਰ ਸਿੰਘ, ਵਿਿਦਆਰਥੀ ਆਗੂ ਸਿਮਰਜੀਤ ਸਿੰਘ ਫੱਤਾ ਮਾਲੋਕਾ, ਪ੍ਰਗਟ ਸਿੰਘ ਆਲੀਕੇ, ਨਵਦੀਪ ਕੌਰ, ਨਿਰਮਲ ਕੌਰ ਤੇ ਪਾਰਟੀ ਵਰਕਰ ਹਾਜ਼ਰ ਸਨ।