6, 9, 23 ਸਤੰਬਰ ਨੂੰ ਜ਼ਿਲ੍ਹਾ ਪੱਧਰ ਤੇ ਲਗਾਏ ਜਾਣਗੇ ਧਰਨੇ
ਸਰਦੂਲਗੜ੍ਹ-5 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਨਸ਼ਿਆਂ ਖਿਲਾਫ ਡਟਣ ਦਾ ਐਲਾਨ ਕਰਦੇ ਹੋਏ ਜ਼ਿਲ੍ਹਾ ਪੱਧਰ ਤੇ ਧਰਨੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਸੱਦੇ ਤੇ ਪੂਰੇ ਪੰਜਾਬ ਅੰਦਰ ਨਸ਼ੇ ਦੇ ਵਿਰੋਧ ‘ਚ 6, 9, 23 ਸਤੰਬਰ 2023 ਨੂੰ ਧਰਨੇ ਲਗਾਉਣ ਦਾ ਪ੍ਰੋਗਰਾਮ ਤੈਅ ਕੀਤਾ ਹੈ। ਜਿਸ ਦਾ ਮਕਸਦ ਇਸ ਅਲਾਮਤ ਦਾ ਸੰਤਾਪ ਹੰਢਾ ਰਹੇ ਪੰਜਾਬ ਦੇ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਹੈ।ਕਿਸਾਨ ਆਗੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਸ਼ਿਆਂ ਦੇ ਖਿਲਾਫ ਸਰਦੂਲਗੜ੍ਹ ਬਲਾਕ ਦੇ ਪਿੰਡਾਂ ‘ਚ ਮੋਟਰਸਾਈਕਲ ਮਾਰਚ ਵੀ ਕੱਢਿਆ ਗਿਆ ਸੀ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਜਗਜੀਤ ਸਿੰਘ ਜਟਾਣਾ, ਬਿੰਦਰ ਸਿੰਘ, ਜੀਤ ਸਿੰਘ, ਰਮਨਦੀਪ ਸਿੰਘ, ਗੁਰਤੇਜ ਸਿੰਘ ਹਾਜ਼ਰ ਸਨ।