ਡੇਂਗੂ ਦਾ ਲਾਰਵਾ ਨਸ਼ਟ ਕਰਨ ਲਈ ਦਵਾਈ ਦਾ ਛਿੜਕਾਅ
ਸਰਦੂਲਗੜ੍ਹ – 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖ ਕੇ ਸਿਹਤ ਵਿਭਾਗ ਸਰਦੂਲਗੜ੍ਹ ਨੇ ਚੁਕੰਨੇ ਹੁੰਦਿਆਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਜਮ੍ਹਾਂ ਹੋਏ ਪਾਣੀ ‘ਤੇ ਡੇਂਗੂ ਦਾ ਲਾਰਵਾ ਨਸ਼ਟ ਕਰਨ ਵਾਲੀ ਦਵਾਈ ਦਾ ਛਿੜਕਾਅ ਕਰਵਾਇਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਤੇਜ਼ ਬੁਖਾਰ ਹੋਣਾ, ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਉਲਟੀਆਂ ਲੱਗਣਾ ਜਾਂ ਮਾਸਪੇਸ਼ੀਆਂ ‘ਚ ਦਰਦ ਇਸ ਦੇ ਮੁੱਖ ਲੱਛਣ ਹਨ। ਅਜਿਹੀ ਸਥਿਤੀ ਪੈਦਾ ਹੋਣ ਤੇ ਨੇੜਲੇ ਸਰਕਾਰੀ ਹਸਪਤਾਲ ਵਿਚ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ। ਜ਼ਿਲ੍ਹਾ ਪੱਧਰ ਤੇ ਡੇਂਗੂ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਤੇ ਸਿਹਤ ਇੰਸਪੈਕਟਰ ਹੰਸ ਰਾਜ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਦਿਨ ਸਮੇਂ ਕੱਟਦਾ ਹੈ। ਇਹ ਜਿਆਦਾ ਉਚਾਈ ਤੱਕ ਨਹੀਂ ਉੱਡ ਸਕਦਾ, ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਦਾ ਲਾਰਵਾ ਫਰਿੱਜ ਦੇ ਮਗਰਲੇ ਪਾਸੇ ਦੀ ਟਰੇਅ, ਹਫ਼ਤੇ ਦੇ ਸਮੇਂ ਤੋਂ ਵੱਧ ਖੜ੍ਹੇ ਪਾਣੀ, ਟੁੱਟੇ ਬਰਤਨਾਂ, ਛੱਤਾਂ ਉੱਪਰ ਰੱਖੇ ਗਮਲਿਆਂ ਵਿਚ ਵਧਦਾ-ਫੁਲਦਾ ਹੈ। ਇਸ ਲਈ ਹਫ਼ਤੇ ‘ਚ ਇਕ ਵਾਰ ਘਰਾਂ ਅੰਦਰ ਪਾਣੀ ਵਾਲੀਆਂ ਚੀਜ਼ਾਂ ਨੂੰ ਸੁਕਾਉਣਾ ਚਾਹੀਦਾ ਹੈ। ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਰਵਿੰਦਰ ਸਿੰਘ ਰਵੀ, ਜੀਵਨ ਸਿੰਘ ਸਹੋਤਾ, ਤਰਸੇਮ ਸਿੰਘ, ਮਨਦੀਪ ਸਿੰਘ ਹਾਜ਼ਰ ਸਨ।