ਕਣਕ ਦੀ ਸਿੱਧੀ ਸਪੈਸ਼ਲ ਭਰਤੀ ਦਾ ਫੈਸਲਾ ਵਾਪਸ ਲੈਣ ਦੀ ਮੰਗ
ਸਰਦੂਲਗੜ੍ਹ-1 ਮਈ (ਜ਼ੈਲਦਾਰ ਟੀ.ਵੀ.) ਮਜ਼ਦੂਰ ਦਿਵਸ ਮੌਕੇ ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਸਰਦੂਲਗੜ੍ਹ ਵਲੋਂ ਸਥਾਨਕ ਮਾਰਕਫੈੱਡ ਦਫ਼ਤਰ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਕੱਤਰ ਮਜ਼ਦੂਰਾਂ ਨੇ ਜਥੇਬੰਦੀ ਦਾ ਝੰਡਾ ਚੜ੍ਹਾ ਕੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਕੁਰਬਾਨੀ ਨੂੰ ਪ੍ਰਣਾਮ ਕੀਤਾ।
ਮਜ਼ਦੂਰ ਆਗੂ ਤੇ ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਦੇ ਸੂਬਾ ਸਕੱਤਰ ਸੁਰਿੰਦਰਪਾਲ ਸਿੰਘ ਛਿੰਦਾ ਨੇ ਸੰਬੋਧਨ ਕਰਦੇ ਹੋਏ ਕਿਹਾ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਮਜ਼ਦੂਰ ਲੋਕਾਂ ਦੀ ਕਦੇ ਵੀ ਸੁਣਵਾਈ ਨਹੀਂ ਕੀਤੀ।ਮੌਜੂਦਾ ਪੰਜਾਬ ਸਰਕਾਰ ਵੀ ਉਸੇ ਸੋਚ ਨੂੰ ਲੈ ਕੇ ਚੱਲ ਰਹੀ ਹੈ।ਜਿਸ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਨੁਕਸਾਨ ਪੂਰਤੀ ਦੀ ਮੰਗ – ਪੱਲੇਦਾਰ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਿੱਧੀ ਸਪੈਸ਼ਲ ਭਰਤੀ ਦਾ ਕੀਤਾ ਗਿਆ ਫੈਸਲਾ ਮਜ਼ਦੂਰ ਵਿਰੋਧੀ ਹੈ।ਪੰਜਾਬ ਸਰਕਾਰ ਨੇ ਇਸ ਹੁਕਮ ਨੂੰ ਲਾਗੂ ਕਰਕੇ ਕੇਂਦਰ ਦਾ ਹੀ ਪੱਖ ਪੂਰਿਆ ਹੈ।ਜਥੇਬੰਦੀ ਤਰਫੋਂ ਮੰਗ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਕਿਸਾਨਾਂ ਲਈ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਜਾਂਦਾ ਹੈ,ਬਿਲਕੁਲ ਉਸੇ ਤਰਜ਼ ਤੇ ਮੰਡੀਆਂ ‘ਚੋਂ ਕਣਕ ਦੀ ਸਿੱਦੀ ਚੁਕਾਈ ਨਾਲ ਪੱਲੇਦਾਰਾਂ ਨੂੰ ਹੋਏ ਆਰਥਿਕ ਘਾਟੇ ਦੀ ਪੂਰਤੀ ਵੀ ਪੰਜਾਬ ਸਰਕਾਰ ਵਲੋਂ ਕੀਤੀ ਜਾਵੇ।
ਸੰਘਰਸ਼ ਦੀ ਚਿਤਾਵਨੀ – ਇਕੱਤਰ ਮਜ਼ਦੂਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਦੂਲਗੜ੍ਹ ਮੰਡੀ ‘ਚੋਂ ਹੁਣ ਤੱਕ 2 ਲੱਖ 40 ਹਜ਼ਾਰ ਗੱਟਾ ਸਿੱਧੀ ਸਪੈਸ਼ਲ ਭਰਤੀ ਲਈ ਚੁੱਕਿਆ ਗਿਆ ਹੈ ਪਰ ਅੱਗੇ ਤੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ‘ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਜਗਸੀਰ ਸਿੰਘ ਸਕੱਤਰ, ਕਾਕਾ ਸਿੰਘ, ਮੱਖਣ ਸਿੰਘ, ਦਰਸ਼ਨ ਸਿੰਘ, ਹੁਸ਼ਿਆਰ ਸਿੰਘ, ਹੰਸਰਾਜ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਲਾਟ ਸਿੰਘ ਝੰਡਾ ਕਲਾਂ (ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮਾਨਸਾ) ਹਾਜ਼ਰ ਸਨ।