ਪ੍ਰਾਇਮਰੀ ਸਕੂਲ ਝੰਡੂਕੇ ਦੀ ਮੈਨੇਜ਼ਮੈਂਟ ਕਮੇਟੀ ਨੇ ਚੁੱਕਿਆ ਸਕੂਲ ਦੀ ਸਾਫ਼ ਸਫ਼ਾਈ ਦਾ ਬੀੜਾ
ਸਰਦੂਲਗੜ੍ਹ – 21 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੂਕੇ (ਮਾਨਸਾ) ਦੀ ਨਵ-ਗਠਿਤ ਮੈਨੇਜ਼ਮੈਂਟ ਕਮੇਟੀ ਨੇ ਖੁਦ ਸਕੂਲ ਦੀ ਸਾਫ਼ ਸਫ਼ਾਈ ਦਾ ਬੀੜਾ ਚੁੱਕਿਆ ਹੈ। ਸਮੂਹ ਸਟਾਫ ਦੇ ਸਹਿਯੋਗ ਨਾਲ ਪਾਣੀ ਵਾਲੀਆਂ ਟੈਂਕੀਆਂ ਦੀ ਸਫ਼ਾਈ, ਫੁੱਲ ਬੂਟਿਆਂ ਦੀ ਕਾਂਟ-ਛਾਂਟ, ਫਰਨੀਚਰ ਦੀ ਝਾੜ-ਪੂੰਝ ਤੋਂ ਇਲਾਵਾ ਆਲ਼ੇ ਦੁਆਲ਼ੇ ਨੂੰ ਚੰਗੀ ਤਰਾਂ ਨਿਖਾਰਿਆ ਗਿਆ।
ਮੁੱਖ ਅਧਿਆਪਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਬਣੀ ਪ੍ਰਬੰਧਕ ਕਮੇਟੀ ਬਹੁਤ ਮਿਹਨਤੀ ਤੇ ਸਹਿਯੋਗ ਕਰਨ ਵਾਲੀ ਹੈ। ਚੇਅਰਮੈਨ ਗੁਰਸੇਵਕ ਸਿੰਘ ਨੇ ਆਪ ਮੂਹਰੇ ਲੱਗ ਹੱਥੀਂ ਕੰਮ ਕੀਤਾ। ਕਮੇਟੀ ਦੇ ਉੱਦਮ ਸਦਕਾ ਹੀ ਸਕੂਲ ਦੀ ਸਾਫ਼-ਸਫ਼ਾਈ ਦਾ ਕਾਰਜ ਸ਼ੁਰੂ ਹੋ ਸਕਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਗੀ ਤਾਲੀਮ ਮੁਹੱਈਆ ਕਰਾਉਣ ਲਈ ਸਕੂਲ ਦੇ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣਾ ਵੀ ਲਾਜ਼ਮੀ ਹੈ।
ਇਸ ਮੌਕੇ ਅਧਿਆਪਕ ਬਹਾਦਰ ਸਿੰਘ, ਸਰਬਜੀਤ ਕੌਰ, ਰਮਨਦੀਪ ਕੌਰ, ਉਪ ਚੇਅਰਮੈਨ ਚਰਨਜੀਤ ਕੌਰ, ਪਰਮਜੀਤ ਕੌਰ, ਸੁਮਨ ਕੌਰ, ਜੀਤੀ ਸਿੰਘ, ਪਵਨਦੀਪ ਸਿੰਘ ਹਾਜ਼ਰ ਸਨ।