ਪਹਿਲਵਾਨਾਂ ਦੇ ਹੱਕ ‘ਚ ਨਿੱਤਰਿਆ ਸੰਯੁਕਤ ਕਿਸਾਨ ਮੋਰਚਾ, ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਦਾ ਫੂਕਿਆ ਪੁੱਤਲਾ
ਸਰਦੂਲਗੜ੍ਹ – 1 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਸੰਯੁਕਤ ਕਿਸਾਨ ਮੋਰਚਾ ਇਕਾਈ ਸਰਦੂਲਗੜ੍ਹ ਵਲੋਂ ਮਹਿਲਾ ਪਹਿਲਵਾਨਾਂ ਦੇ ਹੱਕ ‘ਚ ਨਿੱਤਰਦਿਆਂ ਝੁਨੀਰ ਵਿਖੇ ਲੋਕ ਸਭਾ ਮੈਂਬਰ ਤੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਦਾ ਪੁੱਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਇਕੱਤਰ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਬਿਜਲੀ ਬਿਲ 2020 ਨੂੰ ਤੁਰੰਤ ਰੱਦ ਕੀਤਾ ਜਾਵੇ। ਦਿੱਲੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਦੇਸ਼ ਦਾ ਸਿਰ ਉੱਚਾ ਕਰਨ ਵਾਲੀਆਂ ਧੀਆਂ ਦਾ ਸਾਥ ਦੇਣ ਦੀ ਥਾਂ ਕੇਂਦਰ ਸਰਕਾਰ ਆਪਣੇ ਬੰਦੇ ਨੂੰ ਬਚਾਉਣ ਤੇ ਲੱਗੀ ਹੈ। ਮਹਿਲਾ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀ ਡਟ ਕੇ ਹਿਮਾਇਤ ਕਰੇਗਾ। ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਉਨ੍ਹਾਂ ਦੀਆ ਮੰਗਾਂ ਤੇ ਜਲਦੀ ਗੌਰ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ‘ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਦਰਸ਼ਨ ਸਿੰਘ ਜਟਾਣਾ, ਜਗਰਾਜ ਸਿੰਘ ਹੀਰਕੇ, ਤੋਤਾ ਸਿੰਘ ਹੀਰਕੇ, ਗੁਰਜੰਟ ਸਿੰਘ ਝੁਨੀਰ, ਜਗਸੀਰ ਸਿੰਘ ਝੁਨੀਰ, ਮੇਜਰ ਸਿੰਘ ਮਾਖੇਵਾਲਾ, ਦਲੇਲ ਸਿੰਘ ਫੱਤਾ, ਮਨਜੀਤ ਸਿੰਘ ਉੱਲਕ ਤੇ ਹੋਰ ਕਿਸਾਨ ਹਾਜ਼ਰ ਸਨ।