ਨਹਿਰੀ ਪਾਣੀ ਦੀ ਘਾਟ ਦਾ ਸੰਤਾਪ ਹੰਢਾ ਰਹੇ ਨੇ ਸਰਦੂਲਗੜ੍ਹ ਦੇ ਟੇਲਾਂ ਤੇ ਬੈਠੇ ਪਿੰਡ
ਸਰਦੂਲਗੜ੍ਹ-28 ਫਰਵਰੀ(ਜ਼ੈਲਦਾਰ ਟੀ.ਵੀ.)ਨਿਊ ਢੁਡਾਲ ਨਹਿਰ ਨਾਲ ਸਬੰਧਿਤ ਟੇਲਾਂ ਤੇ ਪੈਂਦੇ ਸਰਦੂਲਗੜ੍ਹ ਹਲਕੇ ਦੇ ਪਿੰਡ ਨਹਿਰੀ ਪਾਣੀ ਦੀ ਘਾਟ ਤੋਂ ਬਹੁਤ ਪਰੇਸ਼ਾਨ ਹਨ।ਸੇਵਾ ਮੁਕਤ ਲੈਕਚਰਾਰ ਤੇ ਖੇਤੀ ਮਾਹਿਰ ਬਲਜੀਤਪਾਲ ਸਿੰਘ ਝੰਡਾ ਕਲਾਂ ਨੇ ਦੱਸਿਆ ਕਿ ਉਪਰੋਕਤ ਨਹਿਰ ਭਾਖੜਾ ਮੁੱਖ ਸ਼ਾਖਾ ਦੇ ਫਤਿਹਪੁਰ ਹੈੱਡ ਤੋਂ ਨਿਕਲਦੀ ਹਰਿਆਣੇ ਵਿਚ ਦਾਖ਼ਲ ਹੁੰਦੀ ਹੈ।ਜਿਸ ਦੀ ਵਾਰਾਬੰਦੀ ਹਰਿਆਣਾ ਦੇ ਸਿੰਚਾਈ ਵਿਭਾਗ ਕੋਲ ਹੋਣ ਕਰਕੇ ਸਰਦੂਲਗੜ੍ਹ ਤਹਿਸੀਲ ਦੇ ਪਿੰਡਾਂ ਨੂੰ ਲੋੜ ਮੁਤਾਬਿਕ ਤੇ ਸਮੇਂ ਸਿਰ ਪਾਣੀ ਦੀ ਸਪਲਾਈ ਨਹੀਂ ਮਿਲਦੀ।ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਪੀਣ ਜਾਂ ਸਿੰਚਾਈ ਲਈ ਵਰਤੋਂ ਯੋਗ ਨਹੀਂ ਰਿਹਾ।ਉਨ੍ਹਾਂ ਦੱਸਿਆ ਕਿ ਮਾਨਖੇੜਾ,ਝੰਡਾ ਕਲਾਂ,ਕਰੰਡੀ,ਨਾਹਰਾਂ,ਖੈਰਾ ਖੁਰਦ,ਖੈਰਾ ਕਲਾਂ,ਰਾਜਰਾਣਾ,ਝੰਡਾ ਖੁਰਦ,ਰੋੜਕੀ ਸਭ ਤੋਂ ਵੱਧ ਪ੍ਰਭਾਵਿਤ ਹਨ।ਇਲਾਕੇ ਦੀਆਂ ਨਹਿਰਾਂ 15 ਦਿਨ ਬੰਦ ਤੇ ਸਿਰਫ 15 ਦਿਨ ਚੱਲਦੀਆਂ ਹਨ।ਨਤੀਜੇ ਵੱਜੋਂ ਖੜ੍ਹੀ ਫਸਲ ਸੁੱਕ ਜਾਂਦੀ ਹੈ।ਅਗਲੇਰੀ ਫਸਲ ਦੀ ਬਿਜਾਈ ਵੀ ਪਛੜ ਜਾਂਦੀ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਲਈ ਪਾਣੀ ਦੀ ਘਾਟ ਦਾ ਸੰਤਾਪ ਹੰਢਾ ਰਹੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ।