ਸਰਦੂਲਗੜ੍ਹ – 4 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪਿੰਡ ਮੀਰਪੁਰ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ੇ ਦੇ ਪੂਰਨ ਖਾਤਮੇ ਲਈ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ।ਪੁਲਿਸ ਅਧਿਕਾਰੀ ਨੇ ਮਨੁੱਖੀ ਜੀਵਨ ਤੇ ਪੈਣ ਵਾਲੇ ਨਸ਼ੇ ਦੇ ਮਾੜੇ ਪ੍ਰਭਾਵ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਕਿਹਾ ਕਿ ਨਸ਼ਾ ਵੇਚਣ ਜਾਂ ਖਾਣ ਵਾਲੇ ਨੂੰ ਸਮਾਜ ਸਤਿਕਾਰ ਦੀ ਨਜ਼ਰ ਨਾਲ ਨਹੀਂ ਦੇਖਦਾ। ਨੌਜਵਾਨਾਂ ਨੂੰ ਨਸ਼ੇ ਜਿਹੀਆਂ ਅਲਾਮਤਾਂ ਤੋਂ ਬਚ ਕੇ ਪੜ੍ਹਾਈ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਤ ਕੀਤਾ। ਕਿਤੇ ਵੀ ਕੋਈ ਨਸ਼ਾ ਵਿਕਣ ਦਾ ਪਤਾ ਲਗਦਾ ਹੈ ਤਾਂ ਬੇਝਿਜਕ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਜਾਵੇ। ਕਿਸੇ ਨੂੰ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ। ਸੂਚਨਾ ਦੇਣ ਵਾਲੇ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੰਜਾਬ ਪੁਲਿਸ ਹਮੇਸ਼ਾਂ ਵਚਨਬੱਧ ਹੈ। ਇਸ ਤੋਂ ਪਹਿਲਾਂ ਉਪ ਕਪਤਾਨ ਪੁਲਿਸ ਪ੍ਰਿਤਪਾਲ ਸਿੰਘ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਸ਼ਬਦਾਂ ‘ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਲਾਕੇ ਅੰਦਰ ਕਿਸੇ ਨੂੰ ਨੌਜਵਾਨੀ ਦਾ ਘਾਣ ਨਹੀਂ ਕਰਨ ਦਿੱਤਾ ਜਾਵੇਗਾ।ਇਸ ਮੌਕੇ ਥਾਣੇਦਾਰ ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਗੋਰੀ, ਅੰਮ੍ਰਿਤਪਾਲ ਸਿੰਘ, ਕਾਕਾ ਸਿੰਘ ਸਿੱਧੂ, ਮਾਸਟਰ ਜਗਸੀਰ ਸਿੰਘ, ਦਰਸ਼ਨ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।