ਦਿੱਲੀ ਦੀ ਕਮਾਂਡ ਤੇ ਚੱਲਣ ਵਾਲੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ- ਸੁਖਬੀਰ ਬਾਦਲ
ਸਰਦੂਲਗੜ੍ਹ-29 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਸਰਦੂਲਗੜ੍ਹ ਪਹੁੰਚੀ, ਉਪਰੰਤ ਵੱਡੇ ਕਾਫਲੇ ਸਮੇਤ ਕਸਬਾ ਝੁਨੀਰ ਤੋਂ ਤਲਵੰਡੀ ਸਾਬੋ ਨੂੰ ਰਵਾਨਾਂ ਹੋਈ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ‘ਮਾਂ’ ਪਾਰਟੀ ਹੈ। ਆਉਂਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਲੋਕਾਂ ਕੋਲ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਪਾਰਟੀ ਮਜ਼ਬੂਤ ਹੈ ਤਾਂ ਪੂਰਾ ਪੰਜਾਬ ਮਜ਼ਬੂਤ ਹੈ। ਇਹ ਗੱਲ ਜੱਗ ਜ਼ਾਹਿਰ ਹੈ ਕਿ ਪੰਜਾਬ ਦੇ ਹੱਕਾਂ ਦੀ ਗੱਲ ਸਿਰਫ ਅਕਾਲੀ ਦਲ ਹੀ ਕਰ ਸਕਦਾ ਹੈ। ਦਿੱਲੀ ਦੀ ਕਮਾਂਡ ਤੇ ਚੱਲਣ ਵਾਲੀਆ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ। ਉਨ੍ਹਾਂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਦੱਸਦੇ ਹੋਏ ਤੱਕੜੀ ਨੂੰ ਤਕੜਾ ਕਰਨ ਦੀ ਅਪੀਲ ਕੀਤੀ। ਬਲਵਿੰਦਰ ਸਿੰਘ ਭੂੰਦੜ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਲਈ ਆਖਿਆ। ਇਸ ਮੌਕੇ ਦਿਲਾਰਜ ਸਿੰਘ ਭੂੰਦੜ, ਜਤਿੰਦਰ ਸਿੰਘ ਸੋਢੀ, ਹੇਮੰਤ ਹਨੀ, ਗੁਰਿੰਦਰ ਸਿੰਘ ਮਾਨ, ਭੂਪ ਰਾਮ ਕਾਹਨੇਵਾਲਾ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।