ਪੰਜਾਬ ਸਰਕਾਰ ਦਾ ਕਰਾਂਗੇ ਪਰਦਾਫਾਸ਼-ਅਧਿਆਪਕ ਆਗੂ
ਸਰਦੂਲਗੜ – 4 ਮਈ (ਜ਼ੈਲਦਾਰ ਟੀ.ਵੀ.) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੁਆਰਾ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਚੰਦ ਸ਼ਰਮਾ ਦੀ ਅਗਵਾਈ ‘ਚ 7 ਮਈ ਨੂੰ ਜਲੰਧਰ ਜ਼ਿਲ੍ਹੇ ‘ਚ ਪੰਜਾਬ ਸਰਕਾਰ ਖਿਲਾਫ ਝੰਡਾ ਮਾਰਚ ਕੀਤਾ ਜਾਵੇਗਾ।
ਸਰਦੂਲਗੜ੍ਹ ਬਲਾਕ ਦੇ ਪ੍ਰਧਾਨ ਨਿਧਾਨ ਸਿੰਘ ਤੇ ਸਕੱਤਰ ਅੰਮ੍ਰਿਤਪਾਲ ਸਿੰਘ ਨੇ ਇਕੱਤਰਤਾ ਉਪਰੰਤ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਜਥੇਬੰਦੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੱਚੇ ਅਧਿਆਪਕ ਪੱਕੇ ਕੀਤੇ ਜਾਣ, ਕੰਪਿਊਟਰ ਤੇ ਐੱਨ.ਐੱਸ.ਕਿਊ.ਐੱਫ ਅਧਿਆਪਕ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ‘ਚ ਲਏ ਜਾਣ, ਪੇਂਡੂ ਭੱਤੇ, ਸਾਇੰਸ ਭੱਤੇ, ਬਾਰਡਰ ਭੱਤੇ ਸਮੇਤ 37 ਕਿਸਮ ਦੇ ਭੱਤੇ ਬਹਾਲ ਕੀਤੇ ਜਾਣ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦਰੁਸਤ ਕਰਕੇ ਸਾਰੇ ਕਾਡਰਾਂ ਨੂੰ 2.72 ਦਾ ਗੁਣਾਂਕ ਦਿੱਤਾ ਜਾਵੇ, ਵਧੀਆਂ ਤਨਖਾਹਾਂ ਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੰਜਾਬ-ਹਰਿਆਣਾ ਹਾਈਕੋਰਟ ਦੇ 15-1-2015 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੇ ਫੈਸਲੇ ਨੂੰ ਜਨਰਲਾਈਜ਼ ਕੀਤਾ ਜਾਵੇ।ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ, 180 ਈ.ਟੀ.ਟੀ. ਅਧਿਆਪਕਾਂ ਤੇ ਲਾਗੂ ਕੀਤੇ 7ਵੇਂ ਕੇਂਦਰੀ ਪੇ-ਕਮਿਸ਼ਨ ਦੇ ਨਿਯਮਾਂ ਨੂੰ ਹਟਾ ਕੇ ਪੰਜਾਬ ਸਰਕਾਰ ਦੇ ਤਨਖਾਹ ਸਕੇਲ ਦਿੱਤੇ ਜਾਣ, 8886 ਅਧਿਆਪਕਾਂ ਦੀ ਜਬਰੀ ਤਨਖਾਹ ਕਟੌਤੀ ਦਾ ਫੈਸਲਾ ਰੱਦ ਕੀਤਾ ਜਾਵੇ, 17 ਜੁਲਾਈ 2020 ਤੋਂ ਬਾਅਦ ਨਿਯੁਕਤ ਏ.ਸੀ.ਪੀ. ਸਕੀਮ 3-7-11-15 ਲਾਗੂ ਕੀਤਾ ਜਾਵੇ, ਸਾਰੇ ਕਾਡਰਾਂ ਦੀਆਂ ਵਿਭਾਗੀ ਤਰੱਕੀਆਂ ਜਲਦੀ ਕੀਤੀਆਂ ਜਾਣ, ਓਪਨ ਡਿਸਟੈਂਸ ਲਰਨਿੰਗ ਅਧੀਨ ਅਧਿਆਪਕ ਨੂੰ ਰੈਗੂਲਰ ਕੀਤਾ ਜਾਵੇ, 2018 ਤੋਂ ਬਾਅਦ ਪਦ-ਉੱਨਤ ਹੋਣ ਵਾਲੇ ਅਧਿਆਪਕਾਂ ‘ਤੇ ਵਿਸ਼ੇ ਦੇ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜ਼ਮੀ ਸ਼ਰਤ ਹਟਾਈ ਜਾਵੇ, 4161 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਬੋਰਡ ਪ੍ਰੀਖਿਆ ਫੀਸਾਂ ਤੇ ਸਰਟੀਫਿਕੇਟ ਫੀਸਾਂ ਤੋਂ ਵਿਦਿਆਰਥੀਆਂ ਨੂੰ ਛੋਟ ਦਿੱਤੀ ਜਾਵੇ।
ਅਧਿਆਪਕ ਆਗੂ ਜੱਗਾ ਸਿੰਘ, ਬਾਦਲ ਸਿੰਘ ਤੇ ਬਿੱਟੂ ਕੁਮਾਰ ਨੇ ਕਿਹਾ ਕਿ ਸਰੀਰਕ ਸਿੱਖਿਆ ਨੂੰ ਸਕੀਮ ਆਫ਼ ਸਟੱਡੀਜ਼ ਦੇ ਲਾਜ਼ਮੀ ਵਿਿਸ਼ਆਂ ‘ਚ ਸ਼ਾਮਲ ਕੀਤਾ ਜਾਵੇ।ਅਧਿਆਪਕ ਆਗੂ ਬਲਬੀਰ ਲੌਂਗੋਵਾਲ, ਦਾਤਾ ਨਮੋਲ, ਯਾਦਵਿੰਦਰ ਪਾਲ, ਪਰਮਿੰਦਰ ਉੁੱਭਾਵਾਲ, ਗੁਰਪ੍ਰੀਤ ਪਸ਼ੌਰ ‘ਤੇ ਦਰਜ ਕੇਸ ਰੱਦ ਕੀਤੇ ਜਾਣ।ਦੀਦਾਰ ਸਿੰਘ ਮੁੱਦਕੀ ਦੇ ਪਰਖ ਕਾਲ ‘ਚ ਕੀਤਾ ਵਾਧਾ ਵਾਪਸ ਲਿਆ ਜਾਵੇ।ਅਧਿਆਪਕਾਂ ਦੀ ਬਦਲੀ ਪਾਲਿਸੀ ‘ਚ ਸੋਧ ਕੀਤੀ ਜਾਵੇ।
ਅਧਿਆਪਕ ਆਗੂਆਂ ਮੁਤਾਬਿਕ ਸ਼ਾਹਕੋਟ ਤੋਂ ਜਲੰਧਰ ਤੱਕ ਝੰਡਾ ਮਾਰਚ ਕੀਤਾ ਜਾਵਗਾ।ਜਿਸ ਦੌਰਾਨ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਤੇ ਅੜੀਅਲ ਰਵੱਈਏ ਦਾ ਪਰਦਾਫਾਸ਼ ਕੀਤਾ ਜਾਵੇਗਾ।ਇਸ ਸੰਘਰਸ਼ ‘ਚ ਸ਼ਾਮਲ ਹੋਣ ਲਈ ਅਧਿਆਪਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਇਸ ਮੌਕੇ ਅਰਵਿੰਦਰ ਸਿੰਘ ਖੈਰਾ, ਰਾਜ ਕੁਮਾਰ, ਹਰਵਿੰਦਰਪਾਲ ਸਿੰਘ, ਅਮਰਪ੍ਰੀਤ ਕੌਰ, ਮਨਵੀਰ ਕੌਰ, ਵੀਰਪਾਲ ਕੌਰ ਸਾਧੂਵਾਲਾ, ਡਾ.ਬਿੱਕਰਜੀਤ ਸਿੰਘ ਸਾਧੂਵਾਲਾ, ਸੰਦੀਪ ਕੌਰ ਹਾਜ਼ਰ ਸਨ।