ਡਾ. ਗੁਰਮੇਲ ਕੌਰ ਜੋਸ਼ੀ ਦੀ ਪੁਸਤਕ ‘ਅਨਮੋਲ ਬਚਨ’ ਲੋਕ ਅਰਪਣ ਡਾ. ਨਾਨਕ ਸਿੰਘ ਆਈ. ਪੀ. ਐਸ. ਨੇ ਕੀਤੀ ਪੁਸਤਕ ਦੀ ਘੁੰਡ ਚੁਕਾਈ
ਸਰਦੂਲਗੜ੍ਹ-9 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਹਿਜ ਸੁਭਾਅ ਮਨੁੱਖੀ ਜ਼ੁਬਾਨ ‘ਚੋਂ ਨਿਕਲਦੇ ਤਰਕ ਭਰਪੂਰ ਸ਼ਬਦਾਂ ਨੂੰ ਹੋਰ ਤਰਾਸ਼ ਕੇ ਸੰਕਲਣ ਕੀਤੀ ਡਾ. ਗੁਰਮੇਲ ਕੌਰ ਦੀ ਪੁਸਤਕ ‘ਅਨਮੋਲ ਬਚਨ’ ਬੀਤੇ ਸੋਮਵਾਰ (8 ਜਨਵਰੀ) ਨੂੰ ਲੋਕ ਅਰਪਣ ਕੀਤੀ ਗਈ। ਇਲੈਕਟਰਾ ਇੰਸਟੀਚਿਊਟ, ਕਾਲ-ਸੀ ਸੈਂਟਰ ਮਾਨਸਾ ਵਿਖੇ ਇਕ ਸਮਾਗਮ ਦੌਰਾਨ ਇਸ ਪੁਸਤਕ ਦੀ ਘੁੰਡ ਚੁਕਾਈ ਡਾ. ਨਾਨਕ ਸਿੰਘ ਆਈ. ਪੀ. ਐਸ. ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਇਹ ਪੁਸਤਕ ਲੇਖਿਕਾ ਦੀ ਜ਼ਿੰਦਗੀ ਤੇ ਗੂੜ੍ਹੀ ਸਾਹਿਤਕ ਸਾਂਝ ਦੇ ਤਜ਼ਰਬਿਆਂ ਦਾ ਨਚੋੜ ਹੈ। ਜਿੰਨਾਂ ਨੂੰ ਉਸ ਨੇ ‘ਅਨਮੋਲ ਬਚਨ’ ਨਾਂਅ ਦੀ ਮਾਲ੍ਹਾ ‘ਚ ਪਰੋਇਆ ਹੈ। ਪੁਸਤਕ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਚੰਗਾ ਸਬਕ ਹੈ, ਜੋ ਨੌਜਵਾਨ ਵਰਗ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦਾ ਹੈ। ਤਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਵਿਭਾਗ ਨੇ ਕਿਹਾ ਕਿ ਲੇਖਿਕਾ ਹੁਣ ਤੱਕ 12 ਕਿਤਾਬਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕੀ ਹੈ। ਮੰਚ ਦਾ ਸੰਚਾਲਨ ਮਾਸਟਰ ਜਗਜੀਵਨ ਸਿੰਘ ਆਲੀਕੇ ਨੇ ਸ਼ਾਇਰਾਨਾ ਤੇ ਸਾਹਿਤਕ ਅੰਦਾਜ਼ ‘ਚ ਪੇਸ਼ ਕੀਤਾ। ਡਾ. ਗੁਰਮੇਲ ਕੌਰ ਨੇ ਨੂੰਹ ਧੀ ਦੇ ਪਿਆਰ ਭਰੇ ਰਿਸ਼ਤੇ ਨੂੰ ਦਰਸਾਉਂਦਾ ਗੀਤ ਪੇਸ਼ ਕੀਤਾ। ਇਸ ਮੌਕੇ ਇੰਜਨੀਅਰ ਅੰਕੁਸ਼ ਜਿੰਦਲ ਮਾਲਵਾ ਪ੍ਰਧਾਨ ਸ਼ਿਵ ਸੈਨਾ, ਹਰਦੀਪ ਸਿੰਘ ਸਿੱਧੂ, ਐਡਵੋਕੇਟ ਬਲਵੰਤ ਭਾਟੀਆ, ਵਿਜੇ ਕੁਮਾਰ ਨੰਬਰਦਾਰ ਕੌੜੀਵਾੜਾ, ਮੇਵਾ ਸਿੰਘ ਬਰਨ, ਮੁਨੀਸ਼ ਚੌਧਰੀ, ਬਲਵਿੰਦਰ ਸਿੰਘ ਧਾਲੀਵਾਲ, ਰਾਮਿੰਦਰ ਸਿੰਘ, ਹਰਿੰਦਰ ਸਿੰਘ ਮਾਨਸ਼ਾਹੀਆ, ਬਲਜੀਤਪਾਲ ਸਿੰਘ, ਬਲਜਿੰਦਰ ਸੰਗੀਲਾ, ਨੇਮ ਚੰਦ ਚੌਧਰੀ, ਐਡਵੋਕੇਟ ਰਾਹੁਲ ਰੁਪਾਲ, ਰਕੇਸ਼ ਜਿੰਦਲ ਹਾਜ਼ਰ ਸਨ। ਅੰਤ ਵਿਚ ਪਰਮਿੰਦਰ ਸਿੰਘ ਇਲੈਕਟਰਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।