ਵਣ ਕਾਮਿਆਂ ਵਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਸਰਦੂਲਗੜ੍ਹ – 10 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਵਣ ਮੰਡਲ ਦਫ਼ਤਰ ਮਾਨਸਾ ਵਿਖੇ ਜੰਗਲਾਤ ਵਰਕਰਾਂ ਨੇ ਫੀਲਡ ਵਰਕਰ ਯੂਨੀਅਨ (ਏਟਕ) ਤੇ ਜੰਗਲਾਤ ਵਿਭਾਗ ਕਰਮਚਾਰੀ ਯੂਨੀਅਨ ਦੀ ਅਗਵਾਈ ‘ਚ ਪੰਜਾਬ ਸਰਕਾਰ ਖਿਲਾਫ ਲਟਕਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਡਵੀਜ਼ਨ ਮਾਨਸਾ ਵਿਖੇ ਪੱਕਾ ਵਣ ਮੰਡਲ ਅਫ਼ਸਰ ਤਾਇਨਾਤ ਕੀਤਾ ਜਾਵੇ ਤਾਂ ਜੋ ਵਿਭਾਗ ਦੇ ਕੰਮ ਨਿਰਵਿਘਨ ਤੇ ਸਹੀ ਢੰਗ ਨਾਲ ਹੋ ਸਕਣ।
ਇਸ ਮੌਕੇ ਸੰਬੋਧਨ ਕਰਦੇ ਹੋਏ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਗਾਰੰਟੀ ਦਿੱਤੀ ਸੀ ਪਰ ਗੱਦੀ ਸੰਭਾਲਣ ਤੋਂ ਬਾਅਦ ਮਾਨ ਸਰਕਾਰ ਨੇ ਸਭ ਕੁੱਝ ਵਿਸਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਡੀਆ ਤੇ ਹੋਰਡਿੰਗਾਂ ਰਾਹੀਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਬਹੁਤ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜੰਗਲਾਤ ਵਿਭਾਗ ਕਰਮਚਾਰੀ ਯੂਨੀਅਨ ਦੇ ਆਗੂ ਘੋਕਾਦਾਸ ਰੱਲਾ , ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਏਟਕ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ, ਜ਼ਿਲ੍ਹਾ ਸਕੱਤਰ ਸਾਥੀ ਨਿਰਮਲ ਸਿੰਘ ਬੱਪੀਆਣਾ, ਗੁਰਜੰਟ ਕੋਟਧਰਮੂ, ਰਾਜਾ ਸਿੰਘ ਦੂਲੋਵਾਲ, ਅਜੈਬ ਭੈਣੀਬਾਘਾ, ਬਚਿੱਤਰ ਰੱਲਾ, ਗੁਰਜਿੰਦਰ ਜੋਗਾ ਸਤਨਾਮ ਸਿੰਘ ਬੋਹਾ, ਮੱਖਣ ਸਿੰਘ ਰਾਮਾਨੰਦੀ, ਹਰਭਜਨ ਸ਼ੇਰਖਾਂਵਾਲਾ ਹਾਜ਼ਰ ਸਨ।