ਸੰਘਰਸ਼ੀ ਲੋਕਾਂ ਦੀ ਜਿੱਤ ਹੋਈ–ਜਗਜੀਤ ਸਿੰਘ ਡੱਲੇਵਾਲ
ਸਰਦੂਲਗੜ੍ਹ-18 ਜਨਵਰੀ(ਜ਼ੈਲਦਾਰ ਟੀ.ਵੀ.) ਜ਼ੀਰਾ ਸਥਿਤ ਸ਼ਰਾਬ ਫੈਕਟਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਰੰਤ ਪ੍ਰਭਾਵ ਨਾਲ ਪੱਕੇ ਤੌਰ ਤੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।ਸਥਾਨਕ ਲੋਕਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੇ ਕਾਰਨ ‘ਮਾਲਬਰੋਜ਼ ਪ੍ਰਾਈਵੇਟ ਲਿਮਟਿਡ’ਨਾਂਅ ਦੀ ਇਹ ਫੈਕਟਰੀ ਪਿਛਲੇ 6 ਮਹੀਨੇ ਤੋਂ ਬੰਦ ਸੀ।ਸਰਕਾਰ ਨੇ ਕਿਹਾ ਹੈ ਕਿ ਪੰਜਾਬ ਦਾ ਵਾਤਾਵਰਣ ਕਿਸੇ ਨੂੰ ਵੀ ਦੂਸ਼ਿਤ ਨਹੀਂ ਕਰਨ ਦਿੱਤਾ ਜਾਵੇਗਾ।ਕੁਝ ਸਮਾਂ ਪਹਿਲਾਂ ਫੈਕਟਰੀ ਤੇ ਪ੍ਰਦੂਸ਼ਣ ਫੈਲਾਉਣ ਦੇ ਲੱਗਦੇ ਦੋਸ਼ਾਂ ਨੂੰ ਪੰਜਾਬ ਸਰਕਾਰ ਰੱਦ ਕਰਦੀ ਰਹੀ ਹੈ।ਸਰਕਾਰ ਨੇ ਫੈਕਟਰੀ ਬੰਦ ਰਹਿਣ ਕਾਰਨ ਮਾਲਕਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਹਾਈਕੋਰਟ ਦੇ ਹੁਕਮਾਂ ਤੇ 20 ਕਰੋੜ ਰੁ. ਮੁਆਵਜ਼ੇ ਦੀ ਰਾਸ਼ੀ ਵੱਜੋਂ ਸਬੰਧਿਤ ਕੰਪਨੀ ਨੂੰ ਦਿੱਤੇ ਸਨ।ਕਿਡਨੀ ਇਨਫੈਕਸ਼ਨ ਨਾਲ ਇਸ ਖੇਤਰ’ਚ 2 ਨੌਜਵਾਨਾਂ ਦੀ ਹੋਈ ਮੌਤ ਦਾ ਕਾਰਨ ਪ੍ਰਦੂਸ਼ਿਤ ਪਾਣੀ ਨੂੰ ਹੀ ਮੰਨਿਆ ਜਾ ਰਿਹਾ ਹੈ।ਫੈਕਟਰੀ ਨਾਲ ਸਬੰਧਿਤ ਮਾਮਲਾ ਅਦਾਲਤ ਵਿਚ ਵੀ ਚੱਲ ਰਿਹਾ ਹੈ,ਜਿਸ ਤੇ ਸੁਣਵਾਈ 23 ਫਰਵਰੀ 2023 ਨੂੰ ਹੋਵੇਗੀ।ਫੈਕਟਰੀ ਮਾਲਕਾਂ ਨੇ ਸਰਕਾਰੀ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦੇਣ ਦਾ ਐਲਨਾ ਕੀਤਾ ਹੈ।ਕੰਪਨੀ ਦੇ ਵਕੀਲ ਪੁਨੀਤ ਬਾਲੀ ਮੁਤਾਬਿਕ ਸਰਕਾਰੀ ਫੈਸਲੇ ਨੂੰ ਪੂਰੀ ਤਰਾਂ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੰਘਰਸ਼ੀ ਲੋਕਾਂ ਦੀ ਜਿੱਤ–ਜਗਜੀਤ ਸਿੰਘ ਡੱਲੇਵਾਲ
ਜ਼ੀਰਾ ਸ਼ਰਾਬ ਫੈਕਟਰੀ ਨੂੰ ਪੰਜਾਬ ਸਰਕਾਰ ਵਲੋਂ ਬੰਦ ਕਰਨ ਦੇ ਹੁਕਮਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਫੈਕਟਰੀ ਨੂੰ ਬੰਦ ਕਰਾਉਣ ਲਈ ਸੰਘਰਸ਼‘ਚ ਸ਼ਾਮਲ ਹੋਏ ਸਾਰੇ ਲੋਕਾਂ ਦੀ ਜਿੱਤ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਫੈਸਲਾ ਸ਼ਲਾਘਾ ਯੋਗ ਹੈ ਪਰ ਇਹ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ।ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨ੍ਹਾਂ ਲੋਕਾਂ ਦਾ ਇਸ ਸੰਘਰਸ਼ ਦੌਰਾਨ ਕਿਸੇ ਵੀ ਤਰਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ,ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।ਸੰਘਰਸ਼ ਵਿਚ ਸ਼ਾਮਲ ਲੋਕਾਂ ਤੇ ਦਰਜ ਪਰਚੇ ਰੱਦ ਕੀਤੇ ਜਾਣ।