ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ
ਸਰਦੂਲਗੜ੍ਹ – 8 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਦੇ ਕਿਸੇ ਵੀ ਘਰ ਜਾਂ ਖੇਤ ਨੂੰ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।ਬੰਦ ਹੋਏ ਪਾਣੀ ਦੇ ਸ੍ਰੋਤ ਨਦੀਆਂ-ਨਾਲੇ ਸਭ ਮੁੜ ਤੋਂ ਚਾਲੂ ਕੀਤੇ ਜਾਣਗੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਰਕਾਰ ਦੀ ਪਾਣੀ ਬਚਾਓ ਮੁਹਿੰਮ ਦੇ ਹਿੱਸੇ ਵੱਜੋਂ ਗੜ੍ਹਸੰਕਰ ਦੇ ਪਿੰਡ ਸਿੰਬਲੀ ਵਿਖੇ ਚਿੱਟੀ ਵੇਂਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਸੰਬੋਧਨ ਕਰਦੇ ਹੋਏ ਕੀਤਾ।ਇਸ ਨਾਲ ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਪਾਣੀ ਦੀ ਮੰਗ ਪੂਰੀ ਹੋਵੇਗੀ।
ਮੁੱਖ ਮੰਤਰੀ ਨੇ ਨਹਿਰੀ ਪਾਣੀ ਦੀ ਵਰਤੋਂ ਦੀ ਗੱਲ ਕਰਦਿਆਂ ਕਿਹਾ ਕਿ ਲਗਾਤਾਰ ਘਟ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਹੈ।ਜਿਸ ਕਰਕੇ ਧਰਤੀ ਨੂੰ ਰੀਚਾਰਜ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।ਬਰਸਾਤਾਂ ਦੇ ਬੇਅਰਥ ਜਾਂਦੇ ਪਾਣੀ ਨੂੰ ਰੀਚਾਰਜਿੰਗ ਲਈ ਵਰਤਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਤਕਰੀਬਨ 14 ਲੱਖ ਟਿਊਬਵੈੱਲ ਹਨ।ਜੇਕਰ ਇਹ ਸਕੀਮ ਸਫ਼ਲ ਹੋ ਜਾਂਦੀ ਹੈ ਤਾਂ ਪਹਿਲੇ ਪੜਾਅ ਤਹਿਤ ਹੀ 4 ਲੱਖ ਟਿਊਬਵੈੱਲਾਂ ਦੀ ਥਾਂ ਖੇਤਾਂ ਨੂੰ ਨਹਿਰੀ ਦੇਣ ਦਾ ਪ੍ਰਬੰਧ ਹੋ ਜਾਵੇਗਾ।ਜਿਸ ਨਾਲ ਬਿਜਲੀ ਪਾਣੀ ਦੋਵਾਂ ਦੀ ਬੱਚਤ ਹੋਵੇਗੀ।ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।