ਗੁਜਰਾਤ ਦੇ ਮੋਰਬੀ ਸ਼ਹਿਰ’ਚ ਵੱਡਾ ਹਾਦਸਾ,ਤਾਰਾਂ ਦਾ ਬਣਿਆ ਪੁਲ ਟੁੱਟਿਆ (100 ਤੋਂ ਵੱਧ ਲੋਕਾਂ ਦੀ ਮੌਤ) (ਅੰਗਰੇਜ਼ ਹਕੂਮਤ ਵੇਲੇ ਬਣੇ ਪੁਲ ਦਾ ਕੀਤਾ ਗਿਆ ਸੀ ਨਵੀਨੀਕਰਨ)
ਸਰਦੂਲਗੜ੍ਹ- 31 ਅਕਤੂਬਰ (ਜ਼ੈਲਦਾਰ ਟੀ.ਵੀ.) ਗੁਜ਼ਰਾਤ ਦੇ ਮੋਰਬੀ’ਚ ਮੱਛੂ ਨਦੀ ਤੇ ਵੱਡਾ ਜਾਨਲੇਵਾ ਹਾਦਸਾ ਵਾਪਰ ਜਾਣ ਦੀਆਂ ਖ਼ਬਰਾਂ ਹਨ।ਤਾਰਾਂ ਦਾ ਬਣਿਆ ਪੁਲ ਟੁੱਟਣ ਨਾਲ 400 ਤੋਂ ਵੱਧ ਲੋਕ ਨਦੀ ਵਿਚ ਡਿਗ ਗਏ।ਜਿੰਨ੍ਹਾਂ ਵਿਚੋਂ ਖ਼ਬਰ ਲਿਖੇ ਜਾਣ ਤੱਕ 141 ਲੋਕਾਂ ਦੇ ਮਾਰੇ ਜਾਣ ਦਾ ਅਨੁਮਾਨ ਹੈ।ਮਰਨ ਵਾਲਿਆਂ’ਚ ਬੱਚੇ,ਔਰਤਾਂ ਤੇ ਬਜ਼ੁਰਗਾਂ ਦੀ ਗਿਣਤੀ ਜਿਆਦਾ ਦੱਸੀ ਜਾ ਰਹੀ ਹੈ।ਘਟਨਾ 30 ਅਕਤੂਬਰ ਨੂੰ ਉਸ ਵਾਪਰੀ ਜਦੋਂ ਐਤਵਾਰ ਦਾ ਦਿਨ ਹੋਣ ਕਾਰਨ ਸ਼ਾਮ ਦੇ 6:30 ਵਜੇ ਵੱਡੀ ਗਿਣਤੀ’ਚ ਇਕੱਤਰ ਲੋਕ ਉੱਥੇ ਛੁੱਟੀ ਦਾ ਆਨੰਦ ਮਾਣ ਰਹੇ ਸਨ।ਕਾਬਿਲੇ ਜ਼ਿਕਰ ਹੈ ਕਿ ਚਾਰ ਦਿਨ ਪਹਿਲਾਂ ਹੀ ਨਵੀਨੀਕਰਨ ਤੋਂ ਬਾਅਦ 26 ਅਕਤੂਬਰ ਨੂੰ ਪੁਲ ਆਮ ਲੋਕਾਂ ਲਈ ਖੋਲਿਆ ਗਿਆ ਸੀ।ਮਾਹਿਰਾਂ ਮੁਤਾਬਿਕ ਪੁਲ਼ ਦੇ ਭਾਰ ਸਹਿਣ ਦੀ ਸਮਰਥਾ 100 ਵਿਅਕਤੀਆਂ ਤੱਕ ਸੀ ਜਦੋਂ ਕਿ ਘਟਨਾ ਮੌਕੇ ਪੁਲ ਤੇ 500 ਲੋਕ ਮੌਜੂਦ ਸਨ।ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਗੁਜਰਾਤ ਸਰਕਾਰ ਨੇ 5 ਮੈਂਬਰੀ ਸਿਟ ਦਾ ਗਠਨ ਕਰ ਦਿੱਤਾ ਹੈ।ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਪ੍ਰਧਾਨ ਮੰਤਰੀ ਵਲੋਂ ਮੁਆਵਜ਼ੇ ਦਾ ਐਲਾਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਸ਼ਹਿਰ ਦੀ ਦਿਲ ਹਿਲਾ ਦੇਣ ਵਾਲੀ ਘਟਨਾ ਤੇ ਅਫਸੋਸ ਜ਼ਾਹਿਰ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਤੇ ਜ਼ਖਮੀਆਂ ਲਈ 50-50 ਹਜ਼ਾਰ ਰੁ. ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ।