ਸਰਵ ਭਾਰਤ ਨੌਜਵਾਨ ਸਭਾ ਦੀ ਜ਼ਿਲ੍ਹਾ ਪੱਧਰੀ ਕਾਨਫਰੰਸ
ਸਰਦੂਲਗੜ੍ਹ – 8 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਕੇਂਦਰ ਤੇ ਸੂਬਾ ਸਰਕਾਰਾਂ ਦੇਸ਼ ਵਿਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਤੋਂ ਭੋਰਾ ਵੀ ਫਿਕਰਮੰਦ ਨਹੀਂ ਹਨ। ਝੂਠੇ ਵਾਅਦਿਆਂ ਨਾਲ ਸੱਤਾ ਤੇ ਕਾਬਜ਼ ਹੋਣਾ ਉਨ੍ਹਾਂ ਦਾ ਮੁੱਖ ਏਜੰਡਾ ਬਣ ਕੇ ਰਹਿ ਗਿਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ. ਪੀ. ਆਈ. ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਰਵ ਭਾਰਤ ਨੌਜਵਾਨ ਸਭਾ ਦੀ ਕਾਨਫਰੰਸ ਮੌਕੇ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਅੱਜ ਦੀ ਘੜੀ ਧੁੰਦਲਾ ਨਜ਼ਰ ਆਉਂਦਾ ਹੈ। ਨਿਰਾਸ਼ ਨੌਜਵਾਨ ਨਸ਼ੇ ਦੀ ਦਲ–ਦਲ ਵਿਚ ਧਸ ਰਹੇ ਹਨ ਪਰ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ। ਮੋਦੀ ਸਰਕਾਰ ਪਬਲਿਕ ਸੈਕਟਰ ਨੂੰ ਤੋੜ ਕੇ ਕਾਰਪੋਰੇਟ ਘਰਾਣਿਆਂ ਦਾ ਮੁਨਾਫਾ ਵਧਾਉਣ ਤੇ ਲੱਗੀ ਹੈ। ਕਾਮਰੇਡ ਆਗੂ ਨੇ ਕਿਹਾ ਕਿ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਦੀ ਸਥਾਪਨਾ ਹੀ ਬੇਰੁਜ਼ਗਾਰੀ ਸਮੱਸਿਆ ਦਾ ਹੱਲ ਹੈ। ਉਨ੍ਹਾਂ ਅਪੀਲ ਕੀਤੀ ਕਿ ਦੇਸ਼ ਦਾ ਭਵਿੱਖ ਸੰਵਾਰਨ ਲਈ ਏਕਤਾ ਤੇ ਅਗਵਾਈ ਸਮੇਂ ਦੀ ਮੁੱਖ ਲੋੜ ਹੈ।
ਇਸ ਤੋਂ ਪਹਿਲਾਂ ਨੌਜਵਾਨ ਆਗੂ ਸਾਥੀ ਕ੍ਰਿਸ਼ਨ ਚੌਹਾਨ ਤੇ ਟਰੇਡ ਯੂਨੀਅਨ ਦੇ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੌਜਵਾਨ ਵਰਗ ਨੂੰ ਹਥਿਆਰ ਦੀ ਤਰ੍ਹਾਂ ਵਰਤ ਰਹੀਆਂ ਹਨ। ਰੁਜ਼ਗਾਰਹੀਣ ਨੌਜਵਾਨ ਭਟਕ ਕੇ ਗਲਤ ਰਸਤੇ ਪੈ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹਰ ਇਕ ਲਈ ਸਿੱਖਿਆ ਤੇ ਸਿਹਤ ਸਹੂਲਤਾਂ ਮੁਫ਼ਤ ਹੋਣ, ਰੁਜ਼ਗਾਰ ਗਾਰੰਟੀ ਕਾਨੂੰਨ ਲਾਗੂ ਹੋਵੇ ਤੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ।
ਜ਼ਿਲ੍ਹਾ ਕਮੇਟੀ ਦੀ ਚੋਣ – ਇਸ ਮੌਕੇ ਜ਼ਿਲ੍ਹਾ 21 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਜਗਤਾਰ ਕਾਲਾ ਸ੍ਰਪਰਸਤ, ਰਜਿੰਦਰ ਹੀਰੇਵਾਲਾ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਮਾਨਸਾ ਜਨਰਲ ਸਕੱਤਰ, ਹਰਪਾਲ ਫੱਤਾ ਵਿੱਤ ਸਕੱਤਾ, ਗੁਰਪ੍ਰੀਤ ਹੀਰਕੇ ਪ੍ਰੈੱਸ ਸਕੱਤਰ, ਬਲਵਿੰਦਰ ਕੋਟ ਧਰਮੂ, ਜਸਪ੍ਰੀਤ ਸਿੰਘ, ਦਰਸ਼ਨ ਉੱਡਤ ਮੀਤ ਪ੍ਰਧਾਨ, ਰੋਹਿਤ ਮਾਨਸਾ, ਮਨੀ ਭੁਪਾਲ, ਸੰਦੀਪ ਕੋਟ ਧਰਮੂ ਮੀਤ ਸਕੱਤਰ, ਖੁਸ਼ਪਿੰਦਰ ਚੌਹਾਨ, ਜਿੰਦਰ ਜੋਗਾ, ਚਿਮਨ ਲਾਲ ਕਾਕਾ, ਮਨਿੰਦਰ ਫਰੀਦਕੇ, ਕਾਲਾ ਟਾਹਲੀਆਂ, ਮਲਕੀਤ ਮੰਦਰਾਂ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਟਰੇਡ ਯੂਨੀਅਨ ਆਗੂ ਕਰਨੈਲ ਭੀਖੀ, ਖੇਤ ਮਜ਼ਦੂਰ ਆਗੂ ਕੇਵਲ ਸਮਾਓ, ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੁਖਦੇਵ ਮਾਨਸਾ, ਮੁਲਾਜ਼ਮ ਆਗੂ ਮੱਖਣ ਮਾਨਸਾ, ਸੁਖਦੇਵ ਪੰਧੇਰ, ਰਤਨ ਭੋਲਾ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ।