ਕੁਸਲਾ ਪਿੰਡ ਦੀ ਜੱਜ ਬਣੀ ਕਿਰਨਜੀਤ ਕੌਰ ਦਾ ਪਿੰਡ ਪਹੁੰਚਣ ਤੇ ਸ਼ਾਨਦਾਰ ਸਵਾਗਤ
ਸਰਦੂਲਗੜ੍ਹ-15 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਬੀਤੇ ਦਿਨੀਂ ਨਿਆਂਪਾਲਿਕਾਂ ਦੀਆਂ ਨਵੀਆਂ ਨਿਯੁਕਤੀਆਂ ‘ਚ ਕੁਸਲਾ ਪਿੰਡ ਦੀ ਕਿਰਨਦੀਪ ਕੌਰ ਪੁੱਤਰੀ ਹਰਪਾਲ ਸਿੰਘ (ਹਾਲ ਆਬਾਦ ਬਰਨਾਲਾ) ਨੇ ਜੱਜ ਭਰਤੀ ਹੋ ਕੇ ਆਪਣੇ ਪਿੰਡ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਪਰਿਵਾਰ ਸਮੇਤ ਅੱਜ ਪਿੰਡ ਕੁਸਲਾ ਪਹੁੰਚਣ ਸਮੇਂ ਸਮੂਹ ਪਿੰਡ ਵਾਸੀਆਂ ਵਲੋਂ ਕਿਰਨਦੀਪ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਗੱਲਬਾਤ ਕਰਦੇ ਹੋਏ ਕਿਰਨਦੀਪ ਨੇ ਕਿਹਾ ਕਿ ਮਾਤਾ-ਪਿਤਾ ਦੇ ਸਹਿਯੋਗ ਸਦਕਾ ਉਹ ਸਫ਼ਲਤਾ ਦੇ ਇਸ ਮੁਕਾਮ ਤੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਲਗਨ ਤੇ ਮਿਹਨਤ ਨਾਲ ਸਫ਼ਲਤਾ ਦੀ ਹਰ ਪੌੜੀ ਚੜ੍ਹਿਆ ਜਾ ਸਕਦਾ ਹੈ। ਵਿਦੇਸ਼ ਜਾਣ ਦੀ ਹੋੜ ਛੱਡ ਕੇ ਨੌਜਵਾਨ ਵਰਗ ਮਿਹਨਤ ਕਰੇ ਤਾਂ ਆਪਣੇ ਦੇਸ਼ ਵਿਚ ਹੀ ਚੰਗੀਆਂ ਪ੍ਰਾਪਤੀਆਂ ਸੰਭਵ ਹਨ। ਜ਼ਿਕਰ ਯੋਗ ਹੈ ਕਿ ਜੱਜ ਬਣੀ ਇਸ ਲੜਕੀ ਦਾ ਪਰਿਵਾਰ ਕਈ ਸਾਲ ਪਹਿਲਾਂ ਸਰਕਾਰੀ ਨੌਕਰੀ ਦੇ ਕਾਰਨ ਬਰਨਾਲਾ ਸ਼ਿਫਟ ਕਰ ਗਿਆ ਸੀ, ਜਿੰਨ੍ਹਾਂ ਦਾ ਬਾਕੀ ਪਰਿਵਾਰ ਅਜੇ ਵੀ ਪਿੰਡ ਕੁਸਲਾ ਵਿਖੇ ਹੀ ਰਹਿ ਰਿਹਾ ਹੈ। ਇਸ ਮੌਕੇ ਗੁਰਜੰਟ ਸਿੰਘ ਸਾਬਕਾ ਪੁਲਿਸ ਇੰਸਪੈਕਟਰ, ਸਰਪੰਚ ਮਨਜੀਤ ਸਿੰਘ, ਭੁਪਿੰਦਰ ਸਿੰਘ, ਹਰਿੰਦਰ ਸਿੰਘ, ਮੱਘਰ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਪਟਵਾਰੀ, ਰੇਸ਼ਮ ਸਿੰਘ, ਗੁਰਮੁੱਖ ਸਿੰਘ, ਪ੍ਰਿਥੀ ਸਿੰਘ ਹਾਜ਼ਰ ਸਨ।