ਇਨਸਾਨ
ਜਨਮ ਲਿਆ ਤਾਂ ਬੇਸੁੱਧ ਸੀ,ਪਰ ਇਨਸਾਨ ਸੀ ਮੈਂ
ਨਾ ਕੋਈ ਤੇਰ ਮੇਰ,ਨਾ ਆਪਣਾ ਬੇਗਾਨਾ
ਬੋੜੇ ਜਿਹੇ ਮੂੰਹ ਨਾਲ ਹੱਸਣਾ,ਕਦੀ ਰੋ ਦੇਣਾ
ਇਹੋ ਕੰਮ ਸੀ ਮੇਰਾ
ਸੁਰਤ ਸੰਭਲੀ ਤਾਂ ਸ਼ੈਤਾਨ ਹੋ ਗਿਆ
ਚੰਦ ਛਿੱਲੜਾਂ ਦੀ ਹੋੜ ਵਿਚ
ਬੇਈਮਾਨ ਹੋ ਗਿਆ
ਸਿੱਖ ਲਿਆ ਜਾਤ ਪਾਤ ਧਰਮਾਂ’ਚ ਵੰਡਣਾ
ਝੂਠੀਆਂ ਦਲੀਲਾਂ ਨਾਲ,ਦੂਜਿਆਂ ਨੂੰ ਭੰਡਣਾ
ਗੁੱਡੀ ਅੰਬਰਾਂ ਤੇ ਚੜ੍ਹੀ ਤਾਂ ਗਰੂਰ ਹੋ ਗਿਆ
ਐਸਾ ਫੈਰ ਮਾਇਆ ਦਾ ਸਰੂਰ ਹੋ ਗਿਆ
ਸਮਾਂ ਅੰਤ ਵਾਲਾ ਨੇੜੇ,ਪਿਆ ਸੋਚਦਾ ਹਾਂ
ਨੀਅਤ ਅਜੇ ਵੀ ਭੱੁਖੀ,ਜਿਊਣਾ ਲੋਚਦਾ ਹਾਂ
ਬੂੰਦ ਗੰਗਾ ਜਲ ਦੀ ਪਿਲਾਉਣਗੇ
ਅੱਖਾਂ ਮੀਟ ਜਾਵਾਂਗਾ
ਨਬਜ਼ ਰੁਕ ਜਾਵੇਗੀ ਨਾ ਬੋਲ ਕੇ ਸੁਣਵਾਂਗਾ
ਮੇਰੇ ਚਾਹੁੰਣ ਵਾਲਿਆਂ ਨੂੰ ਰੱਜ ਕੇ ਰੁਆਵਾਂਗਾ
ਖਾਲੀ ਹੱਥ ਆਇਆ ਸੀ
ਖਾਲੀ ਹੱਥ ਜਾਵਾਂਗਾ।
ਬੱਸ ਚੰਗੇ ਮਾੜੇ ਕੰਮਾਂ ਦਾ
ਹਿਸਾਬ ਲੈ ਕੇ ਜਾਵਾਂਗਾ।