ਆਲੀਕੇ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਸਰਦੂਲਗੜ੍ਹ- 13 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪਿੰਡ ਆਲੀਕੇ ਵਿਖੇ ਏਰੀਆ ਮੈਨੇਜ਼ਰ ਗੁਰਪ੍ਰੀਤ ਸਿੰਘ ਦੀ ਅਗਵਾਈ ‘ਚ ਝੋਨੇ ਦੀ ਫ਼ਸਲ ਸਬੰਧੀ ਆਰ. ਜੀ. ਆਰ. ਸੈੱਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਰਾਨਾ ਪ੍ਰਾਜੈਕਟ ਦੇ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੌਰਾਨ ਨੁਕੱੜ ਨਾਟਕ ਰਾਹੀਂ ਝੋਨੇ ਦੀ ਫਸਲ ਨੂੰ ਲੱਗਣ ਵਾਲੀ ਬਿਮਾਰੀ ਤੋਂ ਇਲਾਵਾ ਪਰਾਲ਼ੀ ਦੀ ਸੰਭਾਲ ਸਬੰਧੀ ਦੱਸਿਆ ਗਿਆ।
ਅੱਵਲਦੀਪ ਸਿੰਘ ਨੇ ਝੋਨੇ ਦੀ ਫ਼ਸਲ ਨੂੰ ਹੋਣ ਵਾਲੇ ਰੋਗਾਂ, ਕੀਟਨਾਸ਼ਕਾਂ ਦੇ ਬਚਾਅ ਤੇ ਪਰਾਲ਼ੀ ਨਿਪਟਾਰੇ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਵਾਹੁਣਾ ਸਭ ਤੋਂ ਫਾਇਦੇਮੰਦ ਤਰੀਕਾ ਹੈ। ਜਿਸ ਨਾਲ ਜ਼ਮੀਨ ਨੂੰ ਕਈ ਉਪਜਾਊ ਤੱਤ ਮਿਲਦੇ ਹਨ ਤੇ ਕਣਕ ਦੀ ਫ਼ਸਲ ਦੇ ਝਾੜ ਦਾ ਵਾਧਾ ਹੁੰਦਾ ਹੈ। ਖੇਤ ਦੀ ਧਰਤੀ ‘ਚ ਪਾਣੀ ਸੋਖਣ ਤੇ ਨਮੀ ਬਰਕਰਾਰ ਰੱਖਣ ਦੀ ਸਮਰਥਾ ਵਧ ਜਾਂਦੀ ਹੈ। ਸਰਕਾਰ ਵਲੋਂ ਪਰਾਲ਼ੀ ਦੀ ਸੰਭਾਲ਼ ਵਾਸਤੇ ਸਬਸਿਡੀ ‘ਤੇ ਮਸ਼ੀਨਰੀ ਦੀ ਵੀ ਸਹੂਲਤ ਹੈ।
ਇਸ ਮੌਕੇ ਹਾੜੀ ਫਸਲ਼ ਦੀਆਂ ਉੱਨਤ ਕਿਸਮਾਂ ਬਾਰੇ ਵੀ ਦੱਸਿਆ ਤੇ ਕਿਸਾਨਾਂ ਨੂੰ ਡੈਮੋ ਪਲਾਂਟ ਦਿਖਾਇਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰ. ਜੀ. ਆਰ. ਸੈੱਲ ਦੁਆਰਾ ਸਬਜ਼ੀਆਂ ਦੇ ਬੀਜਾਂ ਦੀ ਵੰਡ ਕੀਤੀ ਗਈ। ਇਸ ਮੌਕੇ ਖੇਤੀ ਦੂਤ ਸਿਕੰਦਰ ਸਿੰਘ ਢਿੱਲੋਂ, ਗਗਨਦੀਪ ਸਿੰਘ ਜੱਸੜ, ਹਰਪ੍ਰੀਤ ਸਿੰਘ ਮਾਖੇਵਾਲਾ, ਲਖਵਿੰਦਰ ਸਿੰਘ ਰੋੜਕੀ ਤੇ ਪਿੰਡ ਦੇ ਲੋਕ ਹਾਜ਼ਰ ਸਨ।