ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਵੇ ਸਰਕਾਰ
ਸਰਦੂਲਗੜ੍ਹ-1 ਅਪ੍ਰੈਲ (ਜ਼ੈਲਦਾਰ ਟੀ.ਵੀ.) ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਤੇ ਭਾਰੀ ਗੜੇਮਾਰੀ ਨੇ ਰਾਜ ਭਰ‘ਚ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ।ਜਿਸ ਨਾਲ ਆਰਥਿਕ ਤੌਰ ਤੇ ਪਹਿਲਾਂ ਹੀ ਟੁੱਟ ਚੁੱਕੇ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ।ਇਹ ਗੱਲ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ।ਉਨ੍ਹਾਂ ਦੱਸਿਆ ਕਿ ਪੰਜਾਬ ਕੈਬਨਿਟ ਦੇ ਫੈਸਲੇ ਮੁਤਾਬਿਕ ਪੂਰੀ ਤਰਾਂ ਬਰਬਾਦ ਹੋਈ ਫਸਲ ਦਾ 15 ਹਜ਼ਾਰ, 33 ਤੋਂ 75 ਫੀਸਦੀ ਨੁਕਸਾਨ ਲਈ 7 ਹਜ਼ਾਰ ਰੁ. ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਹੈ, ਜੋ ਕਿਸਾਨ ਭਾਈਚਾਰੇ ਨਾਲ ਇਕ ਕੋਝਾ ਮਜ਼ਾਕ ਹੈ।ਸੱਤਾ ਸੰਭਾਲਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਨਾਂ ਗਿਰਦਾਵਰੀ ਤੋਂ 20 ਹਜ਼ਾਰ ਰੁ. ਪ੍ਰਤੀ ਏਕੜ ਮੁਆਵਜ਼ਾ ਦੇਣ ਦੀਆਂ ਗੱਲਾਂ ਕਰਦੇ ਸਨ।ਹੁਣ ਜਦੋਂ ਵਕਤ ਆਇਆ ਤਾਂ ਗਿਰਦਾਵਰੀ ਤੋਂ ਬਾਅਦ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਜਿਸ ਦਾ ਮਤਲਬ ਸਾਫ਼ ਹੈ ਕਿ ਉਹ ਆਪਣੇ ਮੂੰਹੋਂ ਕਹੀਆਂ ਗੱਲਾਂ ਤੇ ਵੀ ਪੂਰਾ ਨਹੀਂ ਉਤਰ ਸਕੇ।ਇਸੇ ਤਰਾਂ ਮੀਂਹ ਨਾਲ ਨੁਕਸਾਨੇ ਗਏ ਮਕਾਨਾਂ ਦੀ ਮੁਰੰਮਤ ਲਈ 5 ਹਜ਼ਾਰ 2 ਸੌ ਰੁ. ਤੇ ਢਹਿ ਗਏ ਮਕਾਨਾਂ ਲਈ 1 ਲੱਖ 20 ਹਜ਼ਾਰ ਦੀ ਮਾਲੀ ਮਦਦ ਦੇਣਾ ਵੀ ਸਿਰਫ ਖਾਨਾ ਪੂਰਤੀ ਹੈ।ਅਕਾਲੀ ਆਗੂ ਨੇ ਕਿਹਾ ਕਿਸਾਨਾਂ ਨੂੰ ਉੱਚਾ ਚੁੱਕਣ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਨੂੰ ਮੁੜ ਤੋਂ ਵਿਚਾਰ ਕਰਦੇ ਹੋਏ ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ।